ਸੰਦੌੜ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਨੌਜਵਾਨ ਦਾ ਕਤਲ ਕਰਨ ਵਾਲੇ ਚਾਰ ਕਥਿਤ ਦੋਸ਼ੀ ਕਾਬੂ

11/20/2020 4:30:36 PM

ਸੰਗਰੂਰ/ਸੰਦੌੜ (ਬੇਦੀ/ਰਿਖੀ): ਜਿਲ੍ਹਾ ਪੁਲਸ ਮੁਖੀ ਸ੍ਰੀ ਵਿਵੇਕਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਕਿ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਉਸ ਮੌਕੇ ਵੱਡੀ ਸਫ਼ਲਤਾ ਮਿਲੀ ਜਦੋਂ ਸ.ਹਰਪ੍ਰੀਤ ਸਿੰਘ ਐੱਸ.ਪੀ.ਡੀ. ਸੰਗਰੂਰ,ਐੱਸ.ਪੀ. ਮਲੇਰਕੋਟਲਾ ਅਤੇ ਡੀ.ਐੱਸ.ਪੀ. ਮਲੇਰਕੋਟਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਕੁਲਵੰਤ ਸਿੰਘ ਥਾਣਾ ਸੰਦੌੜ ਦੀ ਟੀਮ ਨੇ ਬੀਤੇ ਦਿਨੀਂ ਕਲਿਆਣ ਵਾਸੀ ਪਰਮਿੰਦਰ ਸਿੰਘ ਉਰਫ਼ ਹੈਪੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਚਾਰ ਕਥਿਤ ਦੋਸ਼ੀਆਂ ਨੂੰ ਇਕ ਬਾਰਾਂ ਬੋਰ, ਦੋ ਦੇਸੀ ਕੱਟੇ ਤਿੰਨ ਸੌਅ ਪੰਦਰਾਂ ਬੋਰ ਤੇ ਚੌਦਾ ਜਿੰਦਾ ਕਾਰਤੂਸਾਂ ਅਤੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਹੈ।

ਐੱਸ.ਐੱਸ.ਪੀ. ਸੰਗਰੂਰ ਸ੍ਰੀ ਵਿਵੇਕ ਸੋਨੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 14 ਨਵੰਬਰ 2020 ਨੂੰ ਪਰਮਿੰਦਰ ਸਿੰਘ ਉਰਫ ਹੈਪੀ ਅਤੇ ਰਜਿੰਦਰ ਸਿੰਘ ਉਰਫ਼ ਜ਼ਿੰਦਰੀ ਵਾਸੀ ਕਲਿਆਣ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਘਰ ਆ ਰਹੇ ਸਨ ਕਿ ਰਸਤੇ ਦੇ 'ਚ ਉਕਤ ਦੋਸ਼ੀਆਂ ਨੇ ਉਨ੍ਹਾਂ ਦਾ ਮੋਟਰਸਾਈਕਲ ਘੇਰ ਲਿਆ ਅਤੇ ਧਰਮਿੰਦਰ ਸਿੰਘ ਉਰਫ ਘੋੜਾ ਨੇ ਉਨ੍ਹਾਂ ਦੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ, ਨਾਲ ਲਵਪਰੀਤ ਸਿੰਘ ਨੇ ਘੋੜਾ ਕੋਲੋਂ ਰਿਵਾਲਵਰ ਫੜ੍ਹ ਕੇ ਗੋਲੀਆਂ ਮਾਰੀਆਂ ਤੇ ਕੋਲ ਖੜੇ ਨਾ-ਮਲੂਮ ਵਿਅਕਤੀ ਲਲਕਾਰੇ ਮਾਰ ਰਹੇ ਸਨ।ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਕਥਿਤ ਦੋਸ਼ੀ ਖੇਤਾਂ ਦੇ ਵਿਚ ਦੀ ਫਰਾਰ ਹੋ ਗਏ ਸਨ।

ਗੋਲੀਆਂ ਲੱਗਣ ਦੇ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹੈਪੀ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਉਕਤ ਵਾਰਦਾਤ ਸਬੰਧੀ ਥਾਣਾ ਸੰਦੌੜ ਵਿਖੇ ਮੁਕੱਦਮਾ ਨੰਬਰ 123 ਅ/ਧ 302,341,34,120 ਬੀ ਆਈ.ਪੀ.ਸੀ 25-27-54/59 ਦਰਜ ਕਰ ਲਿਆ ਗਿਆ ਸੀ ਜਿਸ ਤਹਿਤ ਧਰਮਿੰਦਰ ਸਿੰਘ ਉਰਫ ਘੋੜਾ,ਲਵਪ੍ਰੀਤ ਉਰਫ ਲਵੀ,ਬਸ਼ੀਰ ਖਾਂ,ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਸ ਮੁਖੀ ਨੇ ਦੱਸਿਆ ਕਿ ਜਾਂਚ ਦੌਰਾਨ ਉਕਤ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਵਲੋਂ 12 ਨਵੰਬਰ 2020 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਕਿਸੇ ਵਿਅਕਤੀ ਪਾਸੋਂ ਇਨੋਵਾ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੌਰਾਨ ਗੱਡੀ ਦਾ ਚਾਲਕ ਵਿਰੋਧ ਕਰਨ ਲੱਗਾ ਤਾਂ ਉਨ੍ਹਾਂ ਵਲੋਂ ਉਸ 'ਤੇ ਗੋਲੀ ਚਲਾਈ ਗਈ ਸੀ, ਜਿਸ ਨਾਲ ਚਾਲਕ ਜ਼ਖਮੀ ਹਾਲਤ 'ਚ ਗੱਡੀ ਭਜਾ ਕੇ ਲੈ ਗਿਆ ਸੀ।ਜਿਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਹੈ।


Shyna

Content Editor

Related News