ਇਨਸਾਫ ਲਈ ਧਰਨੇ ''ਤੇ ਬੈਠੀ ਔਰਤ, ਪੁਲਸ ਨੇ ਖਦੇੜਨ ਲਈ ਛੱਡਿਆ ਟੂਟੀ ਦਾ ਪਾਣੀ

10/06/2019 11:32:17 AM

ਪਟਿਆਲਾ (ਜੋਸਨ)—ਬੀਤੀ ਰਾਤ ਤੋਂ ਇਕ ਔਰਤ ਆਪਣੇ ਪਤੀ ਅਤੇ ਉਸ ਦੇ ਡਰਾਈਵਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣਾ ਲਾਹੋਰੀ ਗੇਟ ਅੱਗੇ ਧਰਨੇ 'ਤੇ ਬੈਠੀ ਹੈ। ਔਰਤ ਅਮਨਪ੍ਰੀਤ ਕੌਰ ਕੰਗ ਦਾ ਦੋਸ਼ ਹੈ ਕਿ ਪੁਲਸ ਉਸ ਦੀ ਸ਼ਿਕਾਇਤ 'ਤੇ ਕਾਰਵਾਈ ਨਹੀਂ ਕਰ ਰਹੀ। ਔਰਤ ਨੇ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਆਖਿਰਕਾਰ ਥਾਣੇ ਦੇ ਬਾਹਰ ਹੀ ਧਰਨਾ ਦੇ ਦਿੱਤਾ।

ਪੁਲਸ ਕਰਮਚਾਰੀਆਂ ਵੱਲੋਂ ਔਰਤ ਨੂੰ ਉਠਾਉਣ ਲਈ ਕਾਫੀ ਤਰਲੇ ਕੀਤੇ ਗਏ ਪਰ ਉਸ ਨੇ ਧਰਨਾ ਜਾਰੀ ਰੱਖਿਆ। ਔਰਤ ਨੇ ਕਿਹਾ ਕਿ ਉਸ ਨੂੰ ਖਦੇੜਨ ਲਈ ਪੁਲਸ ਨੇ ਸਵੇਰੇ ਥਾਣੇ ਦਾ ਵਿਹੜਾ ਧੋਣ ਦੇ ਬਹਾਨੇ ਪਾਈਪ ਨਾਲ ਪਾਣੀ ਛੱਡ ਦਿੱਤਾ ਸੀ, ਜਿਸ ਕਾਰਣ ਉਸ ਦੇ ਕੱਪੜੇ ਗਿੱਲੇ ਹੋ ਗਏ ਅਤੇ ਉਸ ਦੀ ਸਿਹਤ ਵੀ ਖਰਾਬ ਹੋ ਗਈ। ਥਾਣੇ ਦੇ ਬਾਹਰ ਹਾਈਵੋਲਟੇਜ ਡਰਾਮਾ ਚੱਲਣ ਤੋਂ ਬਾਅਦ ਅਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦਾ ਆਪਣੇ ਪਤੀ ਨਾਲ ਕਾਫੀ ਲੰਮੇ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਹੈ, ਬੀਤੇ ਦਿਨੀਂ ਜਦੋਂ ਉਹ ਕੋਰਟ 'ਚ ਪੇਸ਼ੀ ਭੁਗਤਨ ਆਈ ਸੀ ਤਾਂ ਮੇਰੇ ਪਤੀ ਦੇ ਡਰਾਈਵਰ ਨੇ ਉਸ ਨਾਲ ਛੇੜ-ਛਾੜ ਕੀਤੀ ਅਤੇ ਫਰਾਰ ਹੋ ਗਿਆ। ਉਸ ਨੇ ਕਿਹਾ ਕਿ ਮੇਰਾ ਪਤੀ ਮੈਨੂੰ ਮਾਨਸਿਕ ਤੌਰ 'ਤੇ ਕਾਫੀ ਪ੍ਰੇਸ਼ਾਨ ਕਰ ਰਿਹਾ ਅਤੇ ਵਿਆਹ ਤੋਂ ਬਾਅਦ ਮੇਰੀ ਕੁੱਟ-ਮਾਰ ਕਰਦਾ ਸੀ।

ਉਸ ਨੇ ਕਿਹਾ ਕਿ ਉਹ ਆਪਣੇ ਪਤੀ ਅਤੇ ਡਰਾਈਵਰ ਖਿਲਾਫ ਸ਼ਿਕਾਇਤ ਲੈ ਕੇ ਥਾਣਾ ਲਾਹੋਰੀ ਗੇਟ ਪੁੱਜੀ ਸੀ, ਜਿਥੇ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਅਤੇ ਜੇਕਰ 1 ਦਿਨ ਬਾਅਦ ਸ਼ਿਕਾਇਤ ਲੈ ਲਈ ਹੈ ਤਾਂ ਉਸ ਦੇ ਪਤੀ ਦੇ ਵਕੀਲ ਅਤੇ ਰਸੂਖਦਾਰ ਵਿਅਕਤੀ ਹੋਣ ਕਾਰਣ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੁਲਸ ਮੇਰੀ ਸ਼ਿਕਾਇਤ ਦਰਜ ਕਰਨ ਦੀ ਬਜਾਏ ਥਾਣੇ 'ਚ ਪਹੁੰਚੇ ਮੇਰੇ ਵਕੀਲ ਪਤੀ ਅਤੇ ਡਰਾਈਵਰ ਦੇ ਬਿਆਨ ਤਾਂ ਲਿਖ ਰਹੀ ਸੀ, ਜਦਕਿ ਮੇਰੇ ਕਹਿਣ 'ਤੇ ਮੇਰੇ ਪਤੀ ਅਤੇ ਡਰਾਈਵਰ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਔਰਤ ਨੇ ਦੇਰ ਰਾਤ ਤੋਂ ਹੀ ਆਪਣਾ ਰੋਸ ਪ੍ਰਦਰਸ਼ਨ ਥਾਣੇ ਦੇ ਬਾਹਰ ਹੀ ਜਾਰੀ ਰੱਖਿਆ। ਔਰਤ ਨੇ ਦੋਸ਼ ਲਾਇਆ ਕਿ ਪੁਲਸ ਮੇਰੇ ਵਕੀਲ ਪਤੀ ਨਾਲ ਗੰਢਤੁਪ ਕਰ ਕੇ ਮਾਮਲਾ ਰਫਾ-ਦਫਾ ਕਰਨ 'ਤੇ ਲੱਗੀ ਹੋਈ ਹੈ। ਉਸ ਨੇ ਕਿਹਾ ਕਿ ਜਦੋਂ ਤੱਕ ਪੁਲਸ ਮੇਰੀ ਸ਼ਿਕਾਇਤ 'ਤੇ ਮੇਰੇ ਪਤੀ ਅਤੇ ਡਰਾਈਵਰ ਖਿਲਾਫ ਕੋਈ ਮਾਮਲਾ ਦਰਜ ਨਹੀਂ ਕਰਦੀ, ਉਹ ਧਰਨਾ ਜਾਰੀ ਰੱਖੇਗੀ।

ਕੀ ਕਹਿਣੈ ਥਾਣਾ ਮੁਖੀ ਦਾ
ਦੂਜੇ ਪਾਸੇ ਥਾਣਾ ਲਹੋਰੀ ਗੇਟ ਦੇ ਮੁਖੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਔਰਤ ਦੀ ਦਰਖਾਸਤ ਪਹੁੰਚ ਗਈ ਹੈ ਅਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News