ਪੁਲਸ ਵੱਲੋਂ ਘੱਟ ਕੀਤੀ ਸਖ਼ਤੀ ਦਾ ਲੋਕਾਂ ਉਠਾਇਆ ਨਾਜਾਇਜ਼ ਫ਼ਾਇਦਾ

03/30/2020 11:20:37 AM

ਪਟਿਆਲਾ (ਬਲਜਿੰਦਰ/ਬਿਕਰਮਜੀਤ): ਪੁਲਸ ਵੱਲੋਂ ਪਿਛਲੇ ਦੋ ਦਿਨਾਂ ਤੋਂ ਸਖ਼ਤੀ ਘੱਟ ਕਰਨ ਦਾ ਲੋਕਾਂ ਨੇ ਅੱਜ ਨਾਜਾਇਜ਼ ਫਾਇਦਾ ਉਠਾਇਆ। ਲੋਕ ਵੱਡੀ ਗਿਣਤੀ 'ਚ ਘਰਾਂ 'ਚੋਂ ਬਾਹਰ ਨਿਕਲੇ। ਸ਼ਹਿਰ ਦੇ ਕਈ ਅੰਦਰੂਲੀ ਇਲਾਕਿਆਂ ਵਿਚ ਲੋਕ ਆਮ ਦੀ ਤਰ੍ਹਾਂ ਹੀ ਆ-ਜਾ ਰਹੇ ਸਨ।ਇਸ ਨੂੰ ਲੈ ਕੇ ਸ਼ਹਿਰ ਦੇ ਕਈ ਇਲਾਕਿਆਂ 'ਚੋਂ ਇਹ ਪੁੱਛਣ ਲਈ ਫੋਨ ਆਏ ਕਿ ਕਰਫਿਊ ਖਤਮ ਤਾਂ ਨਹੀਂ ਕਰ ਦਿੱਤਾ ਗਿਆ? ਰਾਮਨਗਰ ਸੈਣੀਆਂ ਦਾ ਕੇਸ ਪਾਜ਼ੀਟਿਵ ਆਉਣ ਤੋਂ ਬਾਅਦ ਫਿਰ ਤੋਂ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ਾਮ ਹੁੰਦੇ ਹੀ ਲੋਕ ਵੱਡੀ ਗਿਣਤੀ 'ਚ ਸੜਕਾਂ 'ਤੇ ਦਿਸੇ।

ਲੋਕ ਨਹੀਂ ਸਮਝ ਰਹੇ ਜ਼ਿੰਮੇਵਾਰੀ
ਸ਼ਹਿਰ 'ਚ ਅੱਜ ਇਹ ਗੱਲ ਦੇਖਣ ਨੂੰ ਮਿਲੀ ਕਿ ਲੋਕ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝ ਰਹੇ। ਜਿਹੜਾ ਕਰਫਿਊ ਲਾਇਆ ਗਿਆ ਹੈ, ਉਹ ਸਿਰਫ 'ਕਰੋਨਾ ਵਾਇਰਸ' ਨੂੰ ਫੈਲਣ ਤੋਂ ਰੋਕਣ ਲਈ ਲਾਇਆ ਗਿਆ ਹੈ। 'ਕਰੋਨਾ' ਨੂੰ ਸਿਰਫ ਘਰਾਂ ਵਿਚ ਰਹਿ ਕੇ ਅਤੇ ਇਕ-ਦੂਜੇ ਤੋਂ ਦੂਰ ਰਹਿ ਕੇ ਹੀ ਰੋਕਿਆ ਜਾ ਸਕਦਾ ਹੈ। ਇਸ ਵਿਚ ਸਖਤੀ ਅਤੇ ਕਰਫਿਊ ਦੇ ਨਾਲ-ਨਾਲ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ। ਅਸੀਂ ਜੇਕਰ ਘਰਾਂ ਵਿਚ ਰਹਿੰਦੇ ਹਾਂ ਅਤੇ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਦੇ ਹਾਂ ਤਾਂ ਆਪਣੀ ਸੁਰੱਖਿਆ ਦੇ ਨਾਲ-ਨਾਲ ਦੂਜਿਆਂ ਦੀ ਸੁਰੱਖਿਆ ਕਰਦੇ ਹਾਂ। ਪਟਿਆਲਾ ਵਿਚ ਵੱਡੀਆ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ। ਬੱਸਾਂ ਅਤੇ ਰੇਲ-ਗੱਡੀਆਂ ਬੰਦ ਹੋਣ ਕਾਰਨ ਉਹ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ। ਕੋਈ ਸਾਧਨ ਨਾ ਹੋਣ ਕਰ ਕੇ ਉਹ ਆਪਣੇ ਘਰਾਂ ਨੂੰ ਨਹੀਂ ਜਾ ਸਕਦੇ।

ਸ਼ੰਭੂ ਬਾਰਡਰ 'ਤੇ ਕੀਤੀ ਸਖ਼ਤੀ, ਬਾਰਡਰ ਪਾਰ ਕਰ ਰਹੇ ਹਨ ਪ੍ਰਵਾਸੀ ਮਜ਼ਦੂਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਕਿਸੇ ਮਜ਼ਦੂਰ ਨੂੰ ਆਪਣੇ ਘਰ ਵਾਪਸ ਪਰਤਣ ਦੀ ਜ਼ਰੂਰਤ ਨਹੀਂ। ਉਹ ਜਿਥੇ ਵੀ ਹਨ, ਉਨ੍ਹਾਂ ਨੂੰ ਉਥੇ ਹੀ ਖਾਣ-ਪੀਣ ਨੂੰ ਮਿਲੇਗਾ। ਘਬਰਾਉਣ ਦੀ ਜ਼ਰੂਰਤ ਨਹੀਂ। ਇਸ ਦੇ ਬਾਵਜੂਦ ਵੀ ਅੱਜ ਵੱਡੀ ਸੰਖਿਆ ਵਿਚ ਪ੍ਰਵਾਸੀ ਮਜ਼ਦੂਰ ਆਪਣੇ ਘਰ ਯੂ. ਪੀ. ਅਤੇ ਬਿਹਾਰ ਵੱਲ ਨੂੰ ਕੂਚ ਕਰਦੇ ਦਿਖਾਈ ਦਿੱਤੇ। ਸ਼ੰਭੂ ਬਾਰਡਰ 'ਤੇ ਪੁਲਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ। ਮਜ਼ਦੂਰਾਂ ਨੇ ਵਾਪਸ ਜਾਣ ਦੀ ਬਜਾਏ ਪਿੰਡਾਂ ਦੇ ਰਸਤੇ ਬਾਰਡਰ ਪਾਰ ਕਰਨ ਦਾ ਫੈਸਲਾ ਕੀਤਾ। ਵੱਡੀ ਸੰਖਿਆ ਵਿਚ ਮਜ਼ਦੂਰ ਪਿੰਡਾਂ 'ਚੋਂ ਹੋ ਕੇ ਪੰਜਾਬ ਦਾ ਬਾਰਡਰ ਪਾਰ ਕਰ ਕੇ ਹਰਿਆਣਾ 'ਚ ਪ੍ਰਵੇਸ਼ ਕਰ ਗਏ। ਇਹ ਸਿਲਸਿਲਾ ਅਗਲੇ ਕੁਝ ਹੋਰ ਦਿਨ ਵੀ ਜਾਰੀ ਰਹਿ ਸਕਦਾ ਹੈ।

Shyna

This news is Content Editor Shyna