ਕੋਰੋਨਾ ਪੀੜਤ ਮਰੀਜ਼ਾਂ ਦੇ ਲਈ ਫਿਰੋਜ਼ਪੁਰ ਪੁਲਸ ਨੇ ਫ੍ਰੀ ਫ਼ੂਡ ਸਰਵਿਸ ਸ਼ੁਰੂ ਕੀਤੀ: ਐੱਸ.ਐੱਸ.ਪੀ

05/14/2021 6:09:53 PM

ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਪੁਲਸ ਵੱਲੋਂ ਜ਼ਿਲ੍ਹਾ ਭਰ ਵਿੱਚ ਕੋਰੋਨਾ ਤੋਂ ਪੀੜਤ ਗਰੀਬ ਅਤੇ ਜ਼ਰੂਰਤਮੰਦ ਮਰੀਜ਼ਾਂ ਦੇ ਲਈ ਫਰੀ ਫੂਡ ਸਰਵਿਸ ਸ਼ੁਰੂ ਕੀਤੀ ਗਈ ਹੈ ਅਤੇ ਇਹ ਸੇਵਾ 24 ਘੰਟੇ ਲਗਾਤਾਰ ਜਾਰੀ ਰਹੇਗੀ। ਐੱਸ.ਐੱਸ.ਪੀ. ਭਗੀਰਥ ਸਿੰਘ ਮੀਨਾ ਨੇ ਇਸ ਲੰਗਰ ਸੇਵਾ ਦਾ ਪੁਲਸ ਲਾਈਨ ਵਿਚ ਸ਼ੁਭ ਆਰੰਭ ਕਰਨ ਉਪਰੰਤ ਦੱਸਿਆ ਕਿ ਕੋਈ ਵੀ ਕੋਰੋਨਾ ਤੋਂ ਗ੍ਰਸਤ ਵਿਅਕਤੀ 181 ਅਤੇ 112 ਨੰਬਰ ਤੇ ਕਾਲ ਕਰਕੇ ਖਾਣਾ ਡਿਲਿਵਰ ਕਰਨ ਸਬੰਧੀ ਪੁਲਸ ਨੂੰ ਕਹਿ ਸਕਦਾ ਹੈ ਅਤੇ ਜਿਸ ਥਾਣੇ ਦੇ ਅਧੀਨ ਉਹ ਖ਼ੇਤਰ ਆਉਂਦਾ ਹੋਵੇਗਾ। ਉਸ ਥਾਣੇ ਦੀ ਪੁਲਸ ਉਸ ਵਿਅਕਤੀ ਨੂੰ ਖਾਣਾ ਪਹੁੰਚਾਉਣ ਲਈ ਜ਼ਿੰਮੇਵਾਰ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਪੁਲਸ ਕੰਟਰੋਲ ਰੂਮ ਤੇ ਵਿਸ਼ੇਸ਼ ਰੂਪ ਵਿਚ ਇਕ ਪੁਲਸ ਕਰਮਚਾਰੀ ਤਾਇਨਾਤ ਕੀਤਾ ਗਿਆ ਹੈ, ਜੋ 181 ਅਤੇ 112 ਨੰਬਰ ਤੇ ਆਉਣ ਵਾਲੀ ਕਾਲ ਦੀ ਮੋਨੀਟਰਿੰਗ ਕਰੇਗਾ ਅਤੇ ਉਸ ਥਾਣੇ ਦੀ ਪੁਲਸ ਨੂੰ ਸੂਚਿਤ ਕਰੇਗਾ ਕਿ ਉਨ੍ਹਾਂ ਨੇ ਖਾਣਾ ਕਿਥੇ ਪਹੁੰਚਾਉਣਾ ਹੈ। ਮੀਨਾ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਪੀਸੀਆਰ ਕਰਮਚਾਰੀ ਵੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ ਅਤੇ ਜ਼ਰੂਰਤਮੰਦ ਕੋਰੋਨਾ ਮਰੀਜ਼ਾਂ ਨੂੰ ਖਾਣਾ ਡਿਲਿਵਰ ਕਰਨ ਦੀ ਸੇਵਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਦਿਨ ਵਿੱਚ ਤਿੰਨ ਵਕਤ ਦਾ ਖਾਣਾ ਚਾਹੀਦਾ ਹੋਵੇ ਤਾਂ ਪੁਲਸ ਉਸ ਨੂੰ ਤਿੰਨ ਵਕਤ ਦਾ ਖਾਣਾ ਪਹੁੰਚਾਉਣ ਲਈ ਵਚਨਬੱਧ ਹੋਵੇਗੀ। 


Shyna

Content Editor

Related News