ਭਤੀਜੇ ਨੇ ਚਾਚੇ ''ਤੇ ਲਾਇਆ ਪਲਾਟ ''ਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਦੋਸ਼

07/19/2018 7:37:35 AM

ਮੋਗਾ (ਆਜ਼ਾਦ) - ਪਿੰਡ ਰਾਜੇਆਣਾ ਨਿਵਾਸੀ ਨਿਰਮਲ ਸਿੰਘ ਨੇ ਆਪਣੇ ਸਕੇ ਚਾਚੇ 'ਤੇ ਉਨ੍ਹਾਂ ਦੇ ਪਲਾਟ 'ਤੇ ਕਬਜ਼ਾ ਕਰਨ ਤੋਂ ਇਲਾਵਾ ਉਥੇ ਪਏ ਸਾਮਾਨ ਨੂੰ ਚੋਰੀ ਕਰਕੇ ਲੈ ਜਾਣ ਦਾ ਦੋਸ਼ ਲਾਇਆ ਹੈ। ਸੂਚਨਾ ਮਿਲਣ 'ਤੇ ਪਹੁੰਚੀ ਬਾਘਾਪੁਰਾਣਾ ਦੀ ਪੁਲਸ ਨੇ ਮਲਕੀਤ ਸਿੰਘ ਅਤੇ ਉਸ ਦੇ ਪੁੱਤਰਾਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਨਿਰਮਲ ਨੇ ਕਿਹਾ ਕਿ ਮੇਰੇ ਪਿਤਾ ਦੇ ਨਾਂ 'ਤੇ 21 ਮਰਲੇ ਦਾ ਪਲਾਟ ਹੈ ਅਤੇ ਉਸ ਦੇ ਨਾਲ ਹੀ ਮੇਰੇ ਸਕੇ ਚਾਚੇ ਦਾ ਵੀ ਪਲਾਟ ਹੈ। ਅਸੀਂ ਆਪਣੇ ਪਲਾਟ 'ਤੇ ਨਿਸ਼ਾਨਦੇਹੀ ਕਰਕੇ ਤਾਰ ਲਗਾਈ ਹੋਈ ਹੈ। ਬੀਤੇ ਦਿਨ ਮੈਨੂੰ ਕਿਸੇ ਨੇ ਆ ਕੇ ਦੱਸਿਆ ਕਿ ਤੁਹਾਡੇ ਪਲਾਟ 'ਤੇ ਤੇਰੇ ਚਾਚੇ ਅਤੇ ਉਸ ਦੇ ਪਰਿਵਾਰ ਵਾਲੇ ਤਾਰਾਂ, ਇੱਟਾਂ ਅਤੇ ਹੋਰ ਸਾਮਾਨ ਟਰੈਕਟਰ ਟਰਾਲੀ 'ਤੇ ਰੱਖ ਕੇ ਕਬਜ਼ਾ ਕਰ ਰਹੇ ਹਨ। ਸਾਡੇ ਉਥੇ ਪਹੁੰਚਣ 'ਤੇ ਉਹ ਉਥੋਂ ਦੀ ਚਲੇ ਗਏ। ਜਾਂਚ ਕਰਨ 'ਤੇ ਮੈਨੂੰ ਪਤਾ ਲੱਗਾ ਕਿ ਉਹ 700-800 ਦੇ ਕਰੀਬ ਇੱਟਾਂ, ਕੰਟੀਲੀ ਤਾਰ, ਲੱਕੜਾਂ ਆਦਿ ਚੋਰੀ ਕਰਕੇ ਲੈ ਗਏ, ਜਿਸ ਦੀ ਸੂਚਨਾ ਮੈਂ ਪੁਲਸ ਨੂੰ ਦੇ ਦਿੱਤੀ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਵਲੋਂ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।