ਪਿਕਅਪ ਤੇ ਟੈਂਪੂ ਦੀ ਟੱਕਰ ’ਚ ਟੈਂਪੂ ਸਵਾਰ 2 ਦੀ ਮੌਤ, ਕਈ ਫੱਟੜ

02/12/2021 6:00:30 PM

ਅਬੋਹਰ (ਸੁਨੀਲ) : ਅੱਜ ਸਵੇਰੇ ਸੀਤੋ ਖੁੱਬਨ ਨੇੜੇ ਪਈ ਧੁੰਦ ਕਾਰਣ ਇਕ ਪਿਕਅਪ ਦੀ ਟੱਕਰ ਨਾਲ ਕਿੰਨੂ ਮਜ਼ਦੂਰਾਂ ਨਾਲ ਭਰੇ ਟੈਂਪੂ ’ਚ ਸਵਾਰ ਇਕ ਮਹਿਲਾ ਤੇ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦਕਿ ਕਈ ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ, ਜਿਥੇ ਕੁਝ ਲੋਕਾਂ ਦੀ ਹਾਲਤ ਗੰਭੀਰ ਹੋਣ ਤੇ ਉਨਾਂ ਨੂੰ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਲਾਸ਼ ਨੂੰ ਅਬੋਹਰ ਦੇ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਦੇ ਪਿੰਡ ਖੁਡੀਆ ਗੁਲਾਬ ਵਾਸੀ ਕਾਕਾ ਸਿੰਘ ਪੁੱਤਰ ਜੱਗਾ ਸਿੰਘ, ਗੁਰਵਿੰਦਰ ਕੌਰ ਪੁੱਤਰੀ ਕੁਲਬੀਰ ਸਿੰਘ, ਹਰਪੁਰ ਪੁੱਤਰ ਜੱਗਾ ਸਿੰਘ, ਰਿੰਪੀ ਪਤਨੀ ਕੁਲਦੀਪ, ਮੋਨੂੰ ਪੁੱਤਰੀ ਨਛੱਤਰ ਸਿੰਘ, ਸੁੰਦਰਪ੍ਰੀਤ ਪੁੱਤਰ ਬਲਵਿੰਦਰ ਸਿੰਘ, ਸੋਨੂੰ ਕੌਰ ਪਤਨੀ ਗੁਰਮੀਤ ਸਿੰਘ, ਬੇਅੰਤ ਪੁੱਤਰੀ ਮਹਿੰਦਰ ਸਿੰਘ, ਅਮਰਜੀਤ ਕੌਰ ਪਤਨੀ ਕਾਬਲ ਸਿੰਘ ਤੇ ਹਰਮੀਤ ਕੌਰ ਉਰਫ਼ ਰਖੋ ਪਤਨੀ ਧੀਰਾ ਸਿੰਘ ਅੱਜ ਇਕ ਟੈਂਪੂ ’ਚ ਸਵਾਰ ਹੋ ਕੇ ਕਿੰਨੂ ਤੋੜਣ ਦੇ ਲਈ ਖੁੱਬਨ ’ਚ ਜਾ ਰਹੇ ਸੀ ਕਿ ਰਸਤੇ ’ਚ ਇਕ ਪਿਕਅਪ ਨੇ ਉਨਾਂ ਦੇ ਟੈਂਪੂ ’ਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਸਾਰੇ ਬੁਰੀ ਤਰ੍ਹਾਂ ਫੱਟੜ ਹੋ ਗਏ। ਇਸ ’ਚ 27 ਸਾਲਾ ਹਰਮੀਤ ਕੌਰ ਉਰਫ ਰਖੋ ਤੇ 18 ਸਾਲਾ ਸੁਖਮਨਪ੍ਰੀਤ ਸਿੰਘ ਦੀ ਮੌਤ ਹੋ ਗਈ। ਨੇੜੇ-ਤੇੜੇ ਦੇ ਲੋਕਾਂ ਨੇ ਜਲਦ ਫੱਟੜਾਂ ਨੂੰ ਸਰਕਾਰੀ ਹਸਪਤਾਲ ’ਚ ਪਹੁੰਚਾਇਆ, ਜਿੱਥੇ ਗੁਰਵਿੰਦਰ ਕੌਰ, ਰਿੰਪੀ ਕੌਰ ਤੇ ਮੋਨੂੰ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ।


Shyna

Content Editor

Related News