ਲੁਧਿਆਣਾ ਵਿਖੇ ਇਲਾਜ ਅਧੀਨ ਕੋਟਕਪੂਰਾ ਦਾ ਵਿਅਕਤੀ ਕੋਰੋਨਾ ਪਾਜ਼ੇਟਿਵ

06/17/2020 1:21:47 AM

ਕੋਟਕਪੂਰਾ, (ਨਰਿੰਦਰ)- ਬੀਤੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਡੀ. ਐੱਸ. ਸੀ. ਹਸਪਤਾਲ ਵਿਚ ਇਲਾਜ ਅਧੀਨ ਕੋਟਕਪੂਰਾ ਦੇ ਮਹੱਲਾ ਪ੍ਰੇਮ ਨਗਰ ਦੇ 78 ਸਾਲਾਂ ਬਜ਼ੁਰਗ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ, ਜਿਸ ਨਾਲ ਜ਼ਿਲਾ ਫਰੀਦਕੋਟ ਵਿਚ ਐਕਟਿਵ ਕੇਸਾਂ ਦੀ ਗਿਣਤੀ 15 ਹੋ ਗਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਤੋਂ ਆਈ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਇਸ ਬਜ਼ੁਰਗ ਵਿਅਕਤੀ ਨੂੰ ਇਲਾਜ ਲਈ ਲੁਧਿਆਣਾ ਦਾਖਲ ਕਰਵਾਇਆ ਹੋਇਆ ਸੀ ਅਤੇ ਕੋਰੋਨਾ ਸੈਂਪਲ ਦੀ ਜਾਂਚ ਦੌਰਾਨ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲੇ ਦੇ ਸਿਹਤ ਵਿਭਾਗ ਵਲੋਂ ਉਕਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਅਤੇ ਉਸਦੇ ਕਰੀਬੀ ਵਿਅਕਤੀਆਂ ਦੇ ਸੈਂਪਲ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡਾਕਟਰ ਰਜਿੰਦਰ ਕੁਮਾਰ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਦੇ ਕੁੱਲ ਐਕਟਿਵ 15 ਕੇਸਾਂ ਵਿਚੋਂ 14 ਵਿਅਕਤੀਆਂ ਦਾ ਇਲਾਜ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਚੱਲ ਰਿਹਾ ਹੈ, ਜਿਸ ’ਚ ਕੋਟਕਪੂਰਾ ਦੇ ਇਕ ਹੀ ਪਰਿਵਾਰ ਦੇ 13 ਮੈਂਬਰ ਵੀ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਪੰਜ ਵੱਖ-ਵੱਖ ਸਿਹਤ ਸੰਸਥਾਵਾਂ ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਅਤੇ ਫਰੀਦਕੋਟ ਵਿਖੇ ਸਥਾਪਿਤ ਫਲੂ ਕਾਰਨਰ ਵਿਖੇ ਸੈਂਪਲ ਇਕੱਤਰ ਕਰ ਕੇ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਅੱਜ ਸਿਹਤ ਵਿਭਾਗ ਵਲੋਂ 329 ਕੋਰੋਨਾ ਸੈਂਪਲ ਇਕੱਤਰ ਕਰ ਕੇ ਜਾਂਚ ਲਈ ਭੇਜੇ ਹਨ। ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ. ਮਨਜੀਤ ਕ੍ਰਿਸ਼ਨ ਭੱਲਾ ਅਤੇ ਮੀਡੀਆ ਇੰਚਾਰਜ ਕੋਵਿਡ-19 ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਕੋਰੋਨ ਦੀ ਰੋਕਥਾਮ ਲਈ ਘਰ-ਘਰ ਨਿਗਰਾਨੀ ਐਪ ਰਾਹੀਂ ਸਰਵੇਖਣ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਸਰਵੇ ਟੀਮਾਂ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਜ਼ਿਲਾ ਐਪੀਡੀਮੋਲੋਜਿਸਟ ਡਾ. ਵਿਕਰਮਜੀਤ ਸਿੰਘ ਅਤੇ ਡਾ. ਅਨੀਤਾ ਚੋਹਾਨ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਆਏ ਕੇਸਾਂ ਦੇ ਸੰਪਰਕ ਵਿਚ ਆਉਣ ਵਾਲੇ ਪਰਿਵਾਰਕ ਮੈਂਬਰਾਂ ਅਤੇ ਦੂਸਰੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਟੈਸਟ ਹੋ ਸਕਣ।

Bharat Thapa

This news is Content Editor Bharat Thapa