ਭੁਲੇਖੇ ''ਚ ਗਲਤ ਦਵਾਈ ਪੀਣ ਨਾਲ ਵਿਅਕਤੀ ਦੀ ਮੌਤ

08/20/2019 7:42:13 PM

ਭਵਾਨੀਗੜ,(ਵਿਕਾਸ): ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਇਕ ਵਿਅਕਤੀ ਦੀ ਭੁਲੇਖੇ ਨਾਲ ਗਲਤ ਦਵਾਈ ਪੀਣ ਕਾਰਣ ਮੌਤ ਹੋ ਗਈ। ਇਸ ਸਬੰਧੀ ਅੰਗਰੇਜ਼ ਕੌਰ ਪਤਨੀ ਲਾਭ ਸਿੰਘ ਵਾਸੀ ਡੇਹਲੇਵਾਲ ਨੇ ਪੁਲਸ ਨੂੰ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਛੋਟੇ ਲੜਕੇ ਨਰਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਮਨਮੁਟਾਵ ਹੋਣ ਕਰਕੇ ਉਸ ਦੀ ਪਤਨੀ ਚਾਰ ਸਾਲਾਂ ਤੋਂ ਆਪਣੇ ਪੇਕੇ ਘਰ ਰਹਿੰਦੀ ਹੈ। ਜਿਸ ਕਰਕੇ ਨਰਿੰਦਰ ਸਿੰਘ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਉਸ ਦੀ ਪਟਿਆਲੇ ਡਾਕਟਰ ਤੋਂ ਦਵਾਈ ਚੱਲਦੀ ਸੀ। ਅੰਗਰੇਜ ਕੌਰ ਨੇ ਦੱਸਿਆ ਕਿ ਬੀਤੀ 12 ਅਗਸਤ ਨੂੰ ਰਾਤ ਉਸ ਦੇ ਲੜਕੇ ਨਰਿੰਦਰ ਸਿੰਘ ਨੇ ਟੈਨਸ਼ਨ ਦੀ ਦਵਾਈ ਲੈਣ ਦੇ ਭੁਲੇਖੇ ਕੋਈ ਹੋਰ ਦਵਾਈ ਪੀ ਲਈ। ਜਿਸ ਨਾਲ ਉਸ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਹਾਲਤ ਵਿਗੜਦੀ ਦੇਖ ਉਸ ਨੂੰ ਨਾਭਾ ਵਿਖੇ ਇਕ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਵਿਖੇ ਇੱਕ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਅੱਜ 
ਉਸ ਦੀ ਮੌਤ ਹੋ ਗਈ। ਪੁਲਸ ਨੇ ਅੰਗਰੇਜ਼ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਅਧੀਨ ਧਾਰਾ 174 ਸੀ. ਆਰ. ਪੀ. ਸੀ. ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ।