ਦੂਸ਼ਿਤ ਪਾਣੀ ਤੋਂ ਦੁਖੀ ਲੋਕਾਂ ਨੇ ਵਾਟਰ ਵਰਕਸ ਵਿਭਾਗ ਵਿਰੁੱਧ ਕੀਤੀ ਨਾਅਰੇਬਾਜ਼ੀ

07/16/2019 4:14:48 AM

ਸੰਗਤ ਮੰਡੀ, (ਮਨਜੀਤ)- ਪਿੰਡ ਪੱਕਾ ਕਲਾਂ ਵਿਖੇ ਵਾਟਰ ਵਰਕਸ ਦੇ ਘਰਾਂ ਨੂੰ ਸਪਲਾਈ ਹੁੰਦੇ ਪਾਣੀ ਦੀ ਕਈ ਥਾਂ ਤੋਂ ਲੀਕੇਜ ਹੋਣ ਕਾਰਣ ਪਿੰਡ ਵਾਸੀ ਸ਼ੁੱਧ ਪਾਣੀ ਦੀ ਥਾਂ ਦੂਸ਼ਿਤ ਪਾਣੀ ਪੀ ਰਹੇ ਹਨ। ਦੁਖੀ ਲੋਕਾਂ ਵਲੋਂ ਵਾਟਰ ਵਰਕਸ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀ ਹਰਦੀਪ ਸਿੰਘ, ਪ੍ਰੇਮਜੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਕਾਕਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੂਨੇਵਾਲਾ ਰਸਤੇ ’ਤੇ ਵਾਟਰ ਵਰਕਸ ਦੀ ਪਾਈਪ ਲੀਕ ਸੀ। ਉਨ੍ਹਾਂ ਇਸ ਸਬੰਧੀ ਵਾਟਰ ਵਰਕਸ ਦੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਪਰ ਵਾਟਰ ਵਰਕਸ ਦੇ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਪਾਈਪ ਠੀਕ ਕਰਨ ਲਈ ਟੋਇਆ ਪੁੱਟਣ ਲਈ ਕਹਿ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵਲੋਂ ਟੋਇਆ ਪੁੱਟ ਦਿੱਤਾ ਗਿਆ ਪਰ ਵਿਭਾਗ ਦੇ ਕਰਮਚਾਰੀ ਪਾਈਪ ਦੀ ਲੀਕੇਜ ਠੀਕ ਕਰਨ ਆਏ ਜ਼ਰੂਰ ਸੀ ਪਰ ਉਨ੍ਹਾਂ ਤੋਂ ਪਾਈਪ ਦੀ ਲੀਕੇਜ ਦੂਰ ਨਹੀਂ ਹੋਈ। ਹੁਣ ਜਦ ਵਾਟਰ ਵਰਕਸ ਕਰਮਚਾਰੀਆਂ ਵਲੋਂ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਤਾਂ ਇਹ ਟੋਇਆ ਪਾਣੀ ਨਾਲ ਭਰ ਜਾਂਦਾ ਹੈ, ਜਿਸ ਸਮੇਂ ਪਾਣੀ ਬੰਦ ਕੀਤਾ ਜਾਂਦਾ ਹੈ ਤਾਂ ਇਹ ਰੇਤ ਵਾਲਾ ਸਾਰਾ ਪਾਣੀ ਪਾਈਪ ’ਚ ਦੁਬਾਰਾ ਚਲਾ ਜਾਂਦਾ ਹੈ, ਜੋ ਅਗਲੇ ਦਿਨ ਲੋਕਾਂ ਦੇ ਘਰਾਂ ’ਚ ਚਲਾ ਜਾਂਦਾ ਹੈ। ਇਸ ਤਰ੍ਹਾਂ ਪਿਛਲੇ ਦਸ ਦਿਨਾਂ ਤੋਂ ਹੋ ਰਿਹਾ ਹੈ ਪਰ ਵਾਟਰ ਵਰਕਸ ਦਾ ਕੋਈ ਵੀ ਕਰਮਚਾਰੀ ਇਸ ਪਾਈਪ ਨੂੰ ਦੁਬਾਰਾ ਠੀਕ ਕਰਨ ਨਹੀਂ ਆਇਆ, ਜਿਸ ਕਾਰਣ ਲੋਕ ਸ਼ੁੱਧ ਪਾਣੀ ਦੀ ਥਾਂ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਪਿੰਡ ’ਚ ਵੀ ਗੁਰਦੁਆਰਾ ਸਾਹਿਬ ਨਜ਼ਦੀਕ ਪਾਣੀ ਦੀ ਪਾਈਪ ’ਚ ਲੀਕੇਜ ਹੈ।

-ਕੀ ਕਹਿੰਦੇ ਨੇ ਵਾਟਰ ਵਰਕਸ ਵਿਭਾਗ ਦੇ ਡਰਾਈਵਰ ਗੁਰਬਖਸ਼ ਸਿੰਘ

ਜਦ ਇਸ ਸਬੰਧੀ ਵਾਟਰ ਵਰਕਸ ਵਿਭਾਗ ਦੇ ਡਰਾਈਵਰ ਗੁਰਬਖਸ਼ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪਾਈਪ ਨੂੰ ਪਹਿਲਾਂ ਇਕ ਵਾਰ ਠੀਕ ਕਰ ਦਿੱਤਾ ਗਿਆ ਸੀ ਪਰ ਦੁਬਾਰਾ ਫਿਰ ਇਹ ਲੀਕ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਹ ਖੁਦ ਬੀਮਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਹ ਅੱਜ ਹੀ ਇਸ ਪਾਈਪ ਨੂੰ ਠੀਕ ਕਰ ਦੇਣਗੇ।

Bharat Thapa

This news is Content Editor Bharat Thapa