ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਲ

12/16/2018 1:18:13 AM

ਤਪਾ ਮੰਡੀ, (ਸ਼ਾਮ, ਗਰਗ)- ਸਥਾਨਕ ਸਦਰ ਬਾਜ਼ਾਰ ’ਚ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਵੱਲੋਂ ਥਾਂ-ਥਾਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਵ੍ਹੀਕਲਾਂ ਅਤੇ ਆਮ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਜਦੋਂ  ਬਾਜ਼ਾਰ ਦਾ ਦੌਰਾ ਕਰ ਕੇ ਦੇਖਿਆ ਤਾਂ ਵੱਡੀ ਗਿਣਤੀ ’ਚ ਦੁਕਾਨਦਾਰ ਅਾਪਣੀ ਦੁਕਾਨ ਦਾ ਸਾਮਾਨ ਬਾਹਰ ਸੜਕ ’ਤੇ 5-6 ਫੁੱਟ ਅੱਗੇੇ  ਲਾਈ ਬੈਠੇ ਸਨ ਅਤੇ ਖਰੀਦਦਾਰੀ ਕਰਨ ਆਉਂਦੇ ਗਾਹਕ ਅਾਪਣੇ ਵ੍ਹੀਕਲਾਂ ਨੂੰ ਦੁਕਾਨਾਂ ਅੱਗੇ ਬੇਤਰਤੀਬੇ ਢੰਗ ਨਾਲ ਖਡ਼੍ਹਾ ਕਰਦੇ  ਦੇਖੇ ਗਏ, ਜਿਸ ਨਾਲ ਆਉਣ-ਜਾਣ ਵਾਲੇ ਵ੍ਹੀਕਲਾਂ ਨੂੰ ਲੰਘਣ ’ਚ ਮੁਸ਼ਕਲਾਂ ਆਉਂਦੀਆਂ ਹਨ  ਅਤੇ ਲੰਘਣ ਲਈ ਸਡ਼ਕ ਘੱਟ ਰਹਿ ਜਾਂਦੀ ਹੈ। ਸਾਰਾ ਦਿਨ ਜਾਮ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ।  ਦੱਸਣਯੋਗ ਹੈ ਕਿ ਨਗਰ ਕੌਂਸਲ ਤਪਾ ਨਾਲ ਦੁਕਾਨਦਾਰਾਂ ਨੇ ਵਾਅਦਾ ਕੀਤਾ ਸੀ ਕਿ ਕੋਈ ਵੀ ਦੁਕਾਨਦਾਰ ਅਾਪਣੀ ਦੁਕਾਨ ਦਾ ਸਾਮਾਨ ਬਾਹਰ ਨਹੀਂ ਸਜਾਏਗਾ ਪਰ ਸਮਾਂ ਬੀਤਣ ਦੇ ਨਾਲ-ਨਾਲ ਦੁਕਾਨਦਾਰ ਅਾਪਣਾ ਸਾਮਾਨ ਦੁਕਾਨ ਤੋਂ ਬਾਹਰ ਕੱਢ ਕੇ ਰੱਖਣ ਲੱਗ ਪਏ ਤਾਂ  ਪੁਲਸ ਦੇ ਸਹਿਯੋਗ ਨਾਲ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਦਾ ਸਾਮਾਨ ਚੁੱਕ ਕੇ ਨਗਰ ਕੌਂਸਲ ਤਪਾ ’ਚ ਲਿਜਾਇਆ ਗਿਆ ਅਤੇ ਚਿਤਾਵਨੀ ਦਿੱਤੀ ਸੀ ਕਿ ਭਵਿੱਖ ’ਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ ਪਰ ਹੁਣ ਫਿਰ ਦੁਕਾਨਦਾਰਾਂ ਵੱਲੋਂ ਅਾਪਣਾ ਸਾਮਾਨ ਬਾਹਰ ਸਜਾ ਕੇ ਰੱਖਣ ਨਾਲ ਟਰੈਫਿਕ ਸਮੱਸਿਆ ਬਣ ਗਈ ਹੈ। ਕੁਝ ਲੋਕਾਂ ਨੇ ਅਾਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਟਰੈਫਿਕ ’ਚ ਵਿਘਨ ਪਾਉਣ ਵਾਲੇ ਦੁਕਾਨਦਾਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। 
ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਨੂੰ ਕਈ ਵਾਰ ਕਿਹਾ ਗਿਆ ਹੈ ਕਿ ਉਹ  ਸਾਮਾਨ ਦੁਕਾਨ ਅੰਦਰ ਹੀ ਲਾਉਣ ਨਹੀਂ ਤਾਂ ਉਹ ਪੁਲਸ ਨੂੰ ਨਾਲ ਲੈ ਕੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ਿਆਂ ਦਾ ਸਾਮਾਨ ਚੁੱਕ ਕੇ ਪਹਿਲਾਂ ਵਾਂਗ ਪੁਲਸ ਕਾਰਵਾਈ ਅਮਲ ’ਚ ਲਿਆਉਣਗੇ।