ਲੋਕ ਜ਼ਰੂਰਤਮੰਦਾਂ ਦੀ ਸੇਵਾ ਲਈ ਅੱਗੇ ਆਉਣ : ਖਡਿਆਲ

03/30/2020 8:21:16 PM

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, (ਬਾਂਸਲ, ਬੇਦੀ)- ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ’ਚ ਹੋਏ ਲਾਕਡਾਊਨ ਤੋਂ ਬਾਅਦ ਲੋਕਾਂ ਨੂੰ ਰਾਸ਼ਨ ਸਮੱਗਰੀ ਅਤੇ ਹੋਰ ਸਹੂਲਤਾਂ ਦੀਆਂ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਮਰੱਥ ਲੋਕਾਂ ਵੱਲੋਂ ਆਪਣੇ ਪੱਧਰ ਅਤੇ ਪ੍ਰਸ਼ਾਸਨ ਰਾਹੀਂ ਰਾਸ਼ਨ ਸਮੱਗਰੀ ਪਹੁੰਚਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਪੋਕਸਪਰਸਨ ਵਿਨਰਜੀਤ ਸਿੰਘ ਖਡਿਆਲ ਵੱਲੋਂ ਵੀ ਜ਼ਰੂਰਤਮੰਦਾਂ ਲਈ 5-5 ਕਿਲੋ ਚੌਲ ਦੀਆਂ 500 ਥੈਲੀਆਂ ਸਥਾਨਕ ਐੱਸ. ਡੀ. ਐੱਮ. ਮਨਜੀਤ ਕੌਰ ਨੂੰ ਸੌਂਪੀਆਂ ਗਈਆਂ। ਇਸ ਸਮੇਂ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਇਹ ਮਹਾਮਾਰੀ ਪੂਰੀ ਦੁਨੀਆ ’ਚ ਫੈਲੀ ਹੋਈ ਹੈ, ਜਿਸ ਨਾਲ ਸਾਰਿਆਂ ਨੂੰ ਇਕ-ਦੂਜੇ ਦਾ ਸਹਿਯੋਗ ਕਰ ਕੇ ਨਿਪਟਿਆ ਜਾਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਖੁਦ ਲੋਡ਼ਵੰਦਾਂ ਦੇ ਘਰ-ਘਰ ਜਾ ਕੇ ਇਹ ਸਾਮਾਨ ਪਹੁੰਚਾਉਣਾ ਸੰਭਵ ਨਹੀਂ ਹੈ ਅਤੇ ਅਜਿਹੇ ’ਚ ਕਈ ਵਾਰ ਕੋਈ ਜ਼ਰੂਰਤਮੰਦ ਰਹਿ ਜਾਂਦਾ ਹੈ ਪਰ ਪ੍ਰਸ਼ਾਸਨ ਵੱਲੋਂ ਜ਼ਰੂਰਤਮੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਵੱਖ-ਵੱਖ ਅਹੁਦੇਦਾਰਾਂ ਅਤੇ ਵਾਲੰਟੀਅਰਾਂ ਦੀਆਂ ਲਾਈਆਂ ਗਈਆਂ ਡਿਊਟੀਆਂ ਸ਼ਲਾਘਾਯੋਗ ਹਨ ਅਤੇ ਇਸ ਲਈ ਇਹ ਸਾਮਾਨ ਪ੍ਰਸ਼ਾਸਨ ਨੂੰ ਭੇਟ ਕੀਤਾ ਗਿਆ ਹੈ ਤਾਂ ਕਿ ਇਹ ਸਾਮਾਨ ਹਰ ਜ਼ਰੂਰਤਮੰਦ ਤੱਕ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲਗਭਗ 150 ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਪਹੁੰਚਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕ ਜ਼ਰੂਰਤਮੰਦਾਂ ਦੀ ਸੇਵਾ ਲਈ ਅੱਗੇ ਆਉਣ।


Bharat Thapa

Content Editor

Related News