ਲੋਕਾਂ ਨੇ ਕੋਰੋਨਾ ਕੇਸਾਂ ਨੂੰ ਲੈ ਕੇ ਲਾਈਆਂ ਰੋਕਾਂ ਤੋੜੀਆਂ, ਕਿਹਾ-ਪ੍ਰਸ਼ਾਸਨ ਬਿਨਾਂ ਵਜ੍ਹਾ ਨਾ ਕਰੇ ਤੰਗ-ਪ੍ਰੇਸ਼ਾਨ

05/14/2021 2:39:32 PM

ਫ਼ਰੀਦਕੋਟ (ਜਗਤਾਰ ਦੁਸਾਂਝ)-ਪੰਜਾਬ ’ਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਕੋਰੋਨਾ ਦੇ ਕੇਸਾਂ ’ਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਕੋਰੋਨਾ ਦੀ ਲਾਗ ਨਾਲ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਜੇ ਗੱਲ ਕੀਤੀ ਜਾਵੇ ਫ਼ਰੀਦਕੋਟ ਦੀ ਤਾਂ ਇਥੇ ਕੋਰੋਨਾ ਦੇ ਕਾਫ਼ੀ ਕੇਸ ਆਏ ਦਿਨ ਸਾਹਮਣੇ ਆ ਰਹੇ ਹਨ ਤੇ ਰੋਜ਼ਾਨਾ ਹੀ ਮੌਤਾਂ ਹੋ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਜਿਹੜੇ ਏਰੀਏ ’ਚੋਂ ਕੋਰੋਨਾ ਕੇਸ ਆਉਂਦੇ ਹਨ, ਉਸ ਨੂੰ ਉਸ ਹਿਸਾਬ ਨਾਲ ਜ਼ੋਨ ਬਣਾ ਕੇ ਤਬਦੀਲ ਕੀਤਾ ਜਾਂਦਾ ਹੈ ਤਾਂ ਜੋ ਬਾਕੀ ਲੋਕਾਂ ਨੂੰ ਤੰਗੀ ਨਾ ਆਵੇ । ਇਸੇ ਤਹਿਤ ਫ਼ਰੀਦਕੋਟ ਸ਼ਹਿਰ ਦੇ ਸੇਠੀਆਂ ਵਾਲਾ ਮੁਹੱਲੇ ’ਚ ਪਿਛਲੇ ਦਿਨੀਂ 6 ਤੋਂ 7 ਦੇ ਕਰੀਬ ਕੇਸ ਪਾਜ਼ੇਟਿਵ ਆਏ ਸਨ।

PunjabKesari

ਉਸ ਤੋਂ ਬਾਅਦ ਉਸ ਮੁਹੱਲੇ ਦੀ ਗਲੀ ਨੂੰ ਸੀਲ ਕਰ ਕੇ ਮਾਈਕ੍ਰੋ ਕੰਟੋਨਮੈਂਟ ਜ਼ੋਨ ਬਣਾ ਦਿੱਤਾ ਗਿਆ ਸੀ ਅਤੇ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ ਅਤੇ ਹੁਣ ਉਸ ਗਲੀ ਨਾਲ ਦੋ ਹੋਰ ਗਲੀਆਂ ’ਚ ਤਕਰੀਬਨ ਪੰਦਰਾਂ ਕੇਸ ਹੋਰ ਸਾਹਮਣੇ ਆਏ ਸਨ। ਇਸ ਕਰਕੇ ਹੁਣ ਉਨ੍ਹਾਂ ਗਲੀਆਂ ਨੂੰ ਸੀਲ ਕਰ ਕੇ ਕੰਟੋਨਮੈਂਟ ਜ਼ੋਨ ਵਿਚ ਤਬਦੀਲ ਕੀਤਾ ਜਾਣਾ ਸੀ ਤਾਂ ਗਲੀ ਵਾਸੀਆਂ ਨੇ ਜੋ ਪ੍ਰਸ਼ਾਸਨ ਵੱਲੋਂ ਪਾਈਪਾਂ ਲਾਈਆਂ ਗਈਆਂ ਸਨ, ਉਹ ਪੁੱਟ ਕੇ ਪਰ੍ਹਾਂ ਸੁੱਟ ਦਿੱਤੀਆਂ।

ਇਸ ਮੌਕੇ ਗਲੀ ਵਾਸੀ ਸੋਨੂੰ ਗਰੋਵਰ ਨੇ ਦੱਸਿਆ ਕਿ ਸਾਡੀ ਨਾਲ ਦੀ ਗਲੀ ’ਚ ਕੁਝ ਮਰੀਜ਼ ਪਾਜ਼ੇਟਿਵ ਆਏ ਸਨ, ਇਸ ਕਰਕੇ ਉਹ ਗਲੀ ਬੰਦ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਸਾਡੀ ਗਲੀ ਬੰਦ ਕੀਤੀ ਜਾ ਰਹੀ ਹੈ, ਹਾਲਾਂਕਿ ਸਾਡੀ ਗਲੀ ’ਚ ਸਿਰਫ਼ ਇੱਕ ਮਰੀਜ਼ ਪਾਜ਼ੇਟਿਵ ਆਇਆ ਹੈ। ਉਨ੍ਹਾਂ ਕਿਹਾ ਕਿ ਗ਼ਲੀ ਹੋਰ ਬੰਦ ਕਰਨੀ ਹੈ ਅਤੇ ਗ਼ਲਤੀ ਨਾਲ ਸਾਡੀ ਗਲੀ ਬੰਦ ਕਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਗਲੀਆ ਬੰਦ ਕਰਨੀਆਂ ਹਨ, ਉਹੀ ਕੀਤੀਆਂ ਜਾਣ, ਸਾਨੂੰ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਸਾਡੀਆਂ ਸਾਰਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਅਤੇ ਸਾਨੂੰ ਕੰਮਕਾਰ ’ਤੇ ਜਾਣ ਦਿੱਤਾ ਜਾਵੇ। 


Manoj

Content Editor

Related News