ਵਾਹ ਨੀਂ ਸਰਕਾਰੇ, ਪੈਨਸ਼ਨ ਕਿਸੇ ਦੀ ਤੇ ਪਾਈ ਕਿਸੇ ਹੋਰ ਦੇ ਖਾਤੇ

02/10/2021 12:30:57 PM

ਗੁਰੂਹਰਸਹਾਏ (ਮਨਜੀਤ): ਪੰਜਾਬ ਸਰਕਾਰ ਦੇ ਕਰਮਚਰੀਆਂ ਦੀ ਅਣਗਹਿਲੀ ਦੇ ਹਰ ਰੋਜ਼ ਨਵੇਂ-ਨਵੇਂ ਕਿੱਸੇ ਮਿਲਣੇ ਆਮ ਗੱਲ ਹੋ ਗਈ ਹੈ। ਇਸੇ ਲੜੀ ਤਹਿਤ ਇਕ ਹੋਰ ਕਿੱਸਾ ਸਾਹਮਣੇ ਆਇਆ ਹੈ। ਮਾਤਾ ਗੁਰਜੀਤ ਕੌਰ (80) ਵਿਧਵਾ ਲਾਲ ਸਿੰਘ ਪਿੰਡ ਸੋਹਣ ਗੜ੍ਹ ਰੱਤੇ ਵਾਲਾ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦੀ ਬੁਢੇਪਾ ਪੈਨਸ਼ਨ ਪਿਛਲੇ ਤਕਰੀਬਨ 20 ਸਾਲਾਂ ਤੋਂ ਲੱਗੀ ਹੋਈ ਹੈ ਅਤੇ ਪੰਜਾਬ ਗ੍ਰਾਮੀਨ ਬੈਂਕ ਬਰਾਂਚ ਗੁਰੂਹਰਸਹਾਏ ’ਚ ਆਉਂਦੀ ਸੀ ਪਰ ਦਫ਼ਤਰ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਣ ਮਾਰਚ ਮਹੀਨੇ ਤੋਂ ਮੇਰੀ ਪੈਨਸ਼ਨ ਬੈਂਕ ਕਿਸੇ ਹੋਰ ਖਾਤੇ ’ਚ ਪਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਅਣਗਹਿਲੀ ਬਾਰੇ ਸਾਨੂੰ ਆਰ. ਟੀ. ਈ. ਐਕਟ ਤਹਿਤ ਮੰਗੀ ਗਈ ਸੂਚਨਾ ਰਾਹੀਂ ਪਤਾ ਲੱਗਾ ਹੈ।

ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਕਰਮਚਾਰੀ ਸਾਨੂੰ ਜਾਣ-ਬੁੱਝ ਕੇ ਖੱਜਲ ਖੁਆਰ ਕਰ ਰਹੇ ਹਨ। ਮਾਤਾ ਗੁਰਜੀਤ ਕੌਰ ਆਪਣੀ ਹੀ ਪੈਨਸ਼ਨ ਪਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਗਈ ਹੈ।ਜਦੋ ਇਸ ਸਬੰਧਤ ਡੀ. ਐੱਸ. ਓ. ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਵਲੋਂ ਫੋਨ ਨਾ ਚੁੱਕਣ ਕਾਰਣ ਦਫ਼ਤਰ ਦੇ ਡਾਟਾ ਅਪ੍ਰੇਟਰ ਅਧਕਾਰੀ ਹਰਪ੍ਰੀਤ ਸਿੰਘ ਨਾਲ ਗੱਲ ਹੋਈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ ’ਚ ਹੈ ਅਤੇ ਅਗਲੀ ਪੈਨਸ਼ਨ ਮਾਤਾ ਦੇ ਬੈਂਕ ਖਾਤੇ ’ਚ ਪਾ ਦਿੱਤੀ ਜਾਵੇਗੀ।


Shyna

Content Editor

Related News