ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

12/14/2018 3:52:25 AM

ਫ਼ਰੀਦਕੋਟ, (ਜ.ਬ)- ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਫ਼ਰੀਦਕੋਟ ਦੇ ਸੱਦੇ ’ਤੇ ਸ਼ਹੀਦ ਭਗਤ ਸਿੰਘ ਪਾਰਕ ’ਚ ਸਾਰੇ ਵਿਭਾਗਾਂ ਦੇ ਪੈਨਸ਼ਨਰ, ਮੁਲਾਜ਼ਮ ਅਤੇ ਜਨਤਕ ਜੱਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨ ਵਿਰੋਧੀ ਨੀਤੀਆਂ ਖ਼ਿਲਾਫ ਰੋਸ ਰੈਲੀ ਕੀਤੀ ਗਈ। ਰੈਲੀ ਤੋਂ ਬਾਅਦ ਬਾਜਾਰਾਂ ਵਿਚ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਐਕਸ਼ਨ ਦੀ ਅਗਵਾਈ ਜੱਥੇਬੰਦੀ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਚਾਨੀ ਅਤੇ ਜਨਰਲ ਸਕੱਤਰ ਅਸ਼ੋਕ ਕੌਸ਼ਲ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜ਼ਿਲਾ ਪ੍ਰਧਾਨ ਪ੍ਰਦੀਪ ਸਿੰਘ ਬਰਾਡ਼, ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਛੱਤਰ ਸਿੰਘ ਭਾਣਾ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਪ੍ਰੇਮ ਚਾਵਲਾ, ਬਿਜਲੀ ਮੁਲਾਜ਼ਮਾਂ ਦੇ ਆਗੂ ਰੌਸ਼ਨ ਲਾਲ ਬਜਾਜ ਅਤੇ ਰਮੇਸ਼ ਕੌਸ਼ਲ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਸੰਧੂ, ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਦੇ ਆਗੂ ਸੁਖਦਰਸ਼ਨ ਸਿੰਘ ਅਤੇ ਕਾਲਮ ਨਵੀਸ ਸੁਰਿੰਦਰ ਮਚਾਕੀ ਨੇ ਕੀਤੀ। ਬੁਲਾਰਿਆਂ ਨੇ ਕਿਹਾ ਕਿ ਵੀਹ ਮਹੀਨਿਆਂ ਦੇ ਕਾਰਜਕਾਲ ਦੌਰਾਨ ਆਪਣੇ ਚੋਣ ਵਾਅਦਿਆਂ ਅਨੁਸਾਰ ਕੱਚੇ ਅਤੇ ਪੱਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ। ਸਗੋਂ ਇਸ ਦੇ ਉਲਟ ਅਧਿਆਪਕਾਂ ਅਤੇ ਮੁਲਾਜ਼ਮਾਂ ’ਤੇ ਪ੍ਰੋਫੈਸ਼ਨਲ ਟੈਕਸ ਰੂਪੀ ਜਜ਼ੀਆ ਲਾ ਕੇ ਅਤੇ ਕੱਚੇ ਅਧਿਆਪਕਾਂ ਦੀ ਤਨਖਾਹ ’ਚ 65 ਫੀਸਦੀ ਕਟੌਤੀ ਕਰਕੇ ਜੇਬਾਂ ’ਤੇ ਕੈਂਚੀ ਚਲਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੁਲਾਜ਼ਮ ਵਿਰੋਧੀ ਇਸ ਚਿਹਰੇ ਨੂੰ ਨੰਗਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੰਚ ਇਸ ਦਾ ਨਤੀਜਾ ਭੁਗਤਣਾ ਪਵੇਗਾ। ਇਸ ਮੌਕੇ ਗੁਰਚਰਨ ਸਿੰਘ ਮਾਨ, ਸੋਮਨਾਥ ਅਰੋਡ਼ਾ, ਸੁਰਿੰਦਰ ਸਿੰਘ ਮਲੀ ਨੇ ਮੰਗ ਕੀਤੀ ਕਿ ਸਰਕਾਰ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਤੁਰੰਤ ਲਾਗੂ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਚਾਰ ਕਿਸ਼ਤਾਂ ਅਤੇ ਬਕਾਏ ਦੀ ਰਕਮ ਜਾਰੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਪੂਰੇ ਤਨਖਾਹ ਸਕੇਲਾਂ ’ਤੇ ਰੈਗੂਲਰ ਕੀਤਾ ਜਾਵੇ, ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ ਪੂਰੀ ਤਨਖਾਹ ’ਤੇ ਪੱਕਾ ਕੀਤਾ ਜਾਵੇ। ਇਸ ਮੌਕੇ ਮਿੱਝੂ ਸਿੰਘ, ਗੁਰਿਵੰਦਰ ਸਿੰਘ, ਤਰਸੇਮ ਲਾਲ ਨਰੂਲਾ, ਰਵਿੰਦਰ ਕਲਸੀ, ਹਰਬੰਸ ਲਾਲ, ਅਵਤਾਰ ਭਾਣਾ, ਕੌਸ਼ਲ ਪ੍ਰਕਾਸ਼ ਅਤੇ ਰਾਜ ਸਿੰਘ ਭੱਟੀ ਹਾਜ਼ਰ ਸਨ।

KamalJeet Singh

This news is Content Editor KamalJeet Singh