ਹਸਪਤਾਲ ''ਚ ਲਾਸ਼ਾਂ ਬਦਲਣ ਦਾ ਮਾਮਲਾ, ਗਲਤੀ ਨਾਲ ਯੂ.ਪੀ. ਭੇਜੀ ਲਾਸ਼ ਲਿਆਂਦੀ ਪਟਿਆਲਾ

02/13/2020 4:37:41 PM

ਪਟਿਆਲਾ (ਇੰਦਰਜੀਤ ਬਖਸ਼ੀ) : ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਬੀਤੇ ਦਿਨੀਂ ਲਾਸ਼ਾਂ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਗਲਤੀ ਨਾਲ ਉੱਤਰ ਪ੍ਰਦੇਸ਼ ਦੇ ਗੌਂਡਾ ਜ਼ਿਲੇ ਵਿਚ ਭੇਜੀ ਗਈ ਮ੍ਰਿਤਕ ਫੌਜੀ ਸਿੰਘ ਦੀ ਲਾਸ਼ ਨੂੰ ਅੱਜ ਵਾਪਸ ਪਟਿਆਲਾ ਲਿਆਂਦਾ ਗਿਆ। ਦੱਸ ਦੇਈਏ ਕਿ ਕਿ ਫੌਜੀ ਸਿੰਘ ਦੀ ਲਾਸ਼ ਯੂ.ਪੀ. ਦੇ ਗੋਂਡਾ ਜ਼ਿਲੇ ਦੇ ਕੁੱਝ ਵਿਅਕਤੀ ਗਲਤੀ ਨਾਲ ਲੈ ਗਏ ਸਨ। ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਜਦੋਂ ਲਾਸ਼ ਨੂੰ ਉਥੇ ਲਿਜਾਇਆ ਗਿਆ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਲਾਸ਼ ਰਾਮ ਕੁਮਾਰ ਦੀ ਨਹੀਂ ਹੈ ਅਤੇ ਥੋੜ੍ਹੇ ਸਮੇਂ ਬਾਅਦ ਪਟਿਆਲਾ ਤੋਂ ਵੀ ਲਾਸ਼ ਦੀ ਅਦਲਾ-ਬਦਲੀ ਸਬੰਧੀ ਫੋਨ ਆਉਣ 'ਤੇ ਫੌਜੀ ਸਿੰਘ ਦੀ ਲਾਸ਼ ਨੂੰ ਵਾਪਸ 1200 ਕਿਲੋਮੀਟਰ ਦਾ ਸਫਰ ਤੈਅ ਕਰਕੇ ਪਟਿਆਲਾ ਲਿਆਂਦਾ ਗਿਆ।

ਉਥੇ ਹੀ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੌਜੀ ਸਿੰਘ ਦੀ ਲਾਸ਼ ਬਦਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਫੌਜੀ ਸਿੰਘ ਦੀ ਲਾਸ਼ ਨੂੰ ਵਾਪਸ ਮੰਗਵਾਇਆ ਗਿਆ ਹੈ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਇਸ ਸਬੰਧੀ ਮ੍ਰਿਤਕ ਰਾਮ ਕੁਮਾਰ ਦੇ ਚਾਚਾ ਫੂਲ ਚੰਦ ਨੇ ਦੱਸਿਆ ਕਿ ਉਸ ਦਾ ਭਤੀਜਾ ਜੋ ਕਿ ਦੇਵੀਗੜ੍ਹ (ਉੱਤਰ ਪ੍ਰਦੇਸ਼) ਵਿਚ ਰਹਿੰਦਾ ਸੀ, ਦੇ ਪੇਟ ਵਿਚ ਦਰਦ ਹੋਇਆ ਸੀ। ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਉਸ ਦੀ ਬਾਅਦ ਵਿਚ ਮੌਤ ਹੋ ਗਈ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਪੋਸਟਮਾਰਟਮ ਕਰ ਕੇ ਲਾਸ਼ ਦੇ ਦਿੱਤੀ ਗਈ, ਜਿਸ ਨੂੰ ਮ੍ਰਿਤਕ ਦੇ ਪੁਸ਼ਤੈਨੀ ਪਿੰਡ ਤੱਕ ਲਿਜਾਣ ਲਈ 26 ਹਜ਼ਾਰ ਰੁਪਏ ਦਾ ਖਰਚਾ ਆਇਆ ਪਰ ਜਦੋਂ ਉਸ ਦਾ ਮੂੰਹ ਦੇਖਿਆ ਤਾਂ ਪਤਾ ਲੱਗਾ ਕਿ ਲਾਸ਼ ਰਾਮ ਕੁਮਾਰ ਦੀ ਨਹੀਂ ਹੈ। ਮ੍ਰਿਤਕ ਦੇ ਚਾਚਾ ਫੂਲ ਚੰਦ ਨੇ ਦੱਸਿਆ ਕਿ ਲਾਸ਼ ਨੂੰ ਜਦੋਂ ਐਂਬੂਲੈਂਸ ਵਿਚ ਰੱਖਿਆ ਗਿਆ ਸੀ ਤਾਂ ਮ੍ਰਿਤਕ ਦਾ ਮੂੰਹ ਉਨ੍ਹਾਂ ਨੂੰ ਨਹੀਂ ਦਿਖਾਇਆ ਗਿਆ ਸੀ। ਉਥੇ ਕੁਝ ਹੋਰ ਲਾਸ਼ਾਂ ਵੀ ਪਈਆਂ ਸਨ।


cherry

Content Editor

Related News