ਸਾਊਦੀ ਅਰਬ ਤੋਂ ਆਈ ਅੰਗੂਰੀ ਦੇਵੀ ਨੂੰ 15 ਦਿਨ ਘਰੋਂ ਬਾਹਰ ਨਾ ਨਿਕਲਣ ਦੇ ਹੁਕਮ

03/15/2020 3:25:41 PM

ਪਟਿਆਲਾ/ਘਨੌਰ (ਜੋਸਨ, ਅਲੀ) - ਦੇਸ਼ ਭਰ ’ਚ ਕੋਰੋਨਾ ਵਾਇਰਸ ਦੀ ਦਹਿਸ਼ਤ ਬਰਕਰਾਰ ਹੈ। ਬੀਤੇ ਦਿਨੀਂ ਘਨੌਰ ਦੀ ਵਸਨੀਕ ਔਰਤ, ਜੋ ਹੱਜ ਯਾਤਰਾ ਲਈ ਗਈ ਸੀ ਅਤੇ 24 ਫਰਵਰੀ ਨੂੰ ਸਾਉਦੀ ਅਰਬ ਤੋਂ ਵਾਪਸ ਪਰਤੀ ਸੀ। ਉਸ ਨੂੰ ਸਿਹਤ ਵਿਭਾਗ ਨੇ ਸ਼ੱਕੀ ਮਰੀਜ਼ ਵਜੋਂ ਲਿਆ ਅਤੇ ਉਸ ਦੇ ਕੋਰੋੋਨਾ ਵਾਇਰਸ ਨਾਲ ਸਬੰਧਤ ਸੈਂਪਲ ਲਏ, ਜੋ ਨੈਗੇਟਿਵ ਆਏ। ਅੰਗੂਰੀ ਦੇਵੀ ਨੂੰ ਸਿਹਤ ਵਿਭਾਗ ਨੇ ਹੁਕਮ ਦਿੱਤੇ ਹਨ ਕਿ ਉਹ 15 ਦਿਨ ਕਿਸੇ ਦੇ ਵੀ ਸੰਪਰਕ ਵਿਚ ਨਾ ਆਵੇ ਅਤੇ ਘਰੋਂ ਬਾਹਰ ਵੀ ਨਾ ਨਿਕਲੇ। ਸਿਹਤ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਘਰ ਵਿਚ ਵੀ ਆਉਣ ਵਾਲੇ ਕਿਸੇ ਰਿਸ਼ਤੇਦਾਰ ਜਾਂ ਹੋਰ ਜਾਣ-ਪਛਾਣ ਵਾਲੇ ਨਾਲ ਨਾ ਮਿਲਿਆ ਜਾਵੇ ਅਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਮਿਲੀ ਜਾਣਕਾਰੀ ਅਨੁਸਾਰ ਹੱਜ ਤੋਂ ਆਉਣ ਤੋਂ ਬਾਅਦ ਅੰਗੂਰੀ ਦੇਵੀ ਨੂੰ ਖਾਂਸੀ-ਬੁਖਾਰ ਹੋ ਗਿਆ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵਲੋਂ ਉਸ ਨੂੰ ਸ਼ੱਕ ਦੇ ਆਧਾਰ ’ਤੇ ਸਰਕਾਰੀ ਹਸਪਤਾਲ ਘਨੌਰ ਵਿਖੇ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਉਸ ਦੇ ਟੈਸਟ ਕਰਵਾਉਣ ਲਈ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ, ਜਿਥੇ ਡਾਕਟਰਾਂ ਨੇ ਸੈਂਪਲ ਲਏ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ।

ਸਿਵਲ ਸਰਜਨ ਵੱਲੋਂ ਦਾਅਵਾ : ਰਾਜਿੰਦਰਾ ਹਸਪਤਾਲ ’ਚ ਹੁਣ ਤੱਕ 6 ਸੈਂਪਲ ਭਰੇ, ਸਾਰੇ ਨੈਗੇਟਿਵ
ਜ਼ਿਕਰਯੋਗ ਹੈ ਕਿ ਹੁਣ ਤੱਕ ਪਿਛਲੇ 1 ਮਹੀਨੇ ਅੰਦਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਸ਼ੱਕ ਵਜੋਂ 6 ਸੈਂਪਲ ਲਏ ਗਏ। ਇਹ ਸਾਰੇ ਹੀ ਨੈਗੇਟਿਵ ਪਾਏ ਗਏ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਹੈ ਕਿ ਪਟਿਆਲਾ ਵਿਚ ਅਜੇ ਤੱਕ ਕੋਈ ਮਰੀਜ਼ ਪਾਜ਼ੀਟਿਵ ਨਹੀਂ ਪਾਇਆ ਗਿਆ। ਨਾ ਹੀ ਕੋਈ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਅਜਿਹੇ ਵਿਚ ਸਾਨੂੰ ਚਾਹੀਦਾ ਹੈ ਕਿ ਅਸੀਂ ਹੋਰ ਵੀ ਸੁਚੇਤ ਰਹੀਏ। ਡਾ. ਮਲਹੋਤਰਾ ਨੇ ਦੱਸਿਆ ਕਿ ਇਸ ਸਬੰਧੀ ਸਮੁੱਚੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਸਨ। ਉਥੇ ਹਰ ਤਰ੍ਹਾਂ ਦੀ ਤਿਆਰੀ ਕੀਤੀ ਜਾ ਚੁੱਕੀ ਹੈ।


rajwinder kaur

Content Editor

Related News