''ਖਾਸ'' ਮੁਲਾਜ਼ਮਾਂ ਤੇ ਉੱਚ ਅਫਸਰਾਂ ਦੀ ਬੱਲੇ-ਬੱਲੇ!

01/20/2020 11:30:25 AM

ਪਟਿਆਲਾ/ਰੱਖੜਾ (ਰਾਣਾ) : ਮੁੱਖ ਮੰਤਰੀ ਦੇ ਆਪਣੇ ਸ਼ਹਿਰ ਅੰਦਰਲੇ ਦਫਤਰਾਂ ਵਿਚ 'ਖਾਸ' ਮੁਲਾਜ਼ਮਾਂ ਅਤੇ ਉੱਚ ਅਫਸਰਾਂ ਦੀ ਪੂਰੀ ਬੱਲੇ-ਬੱਲੇ ਹੈ। ਇਨ੍ਹਾਂ ਦੀ ਪੁੱਛ-ਪੜਤਾਲ ਕਰਨ ਵਾਲਾ ਕੋਈ ਨਹੀਂ ਹੈ, ਭਾਵੇਂ ਉਹ ਕਿਸੇ ਵੀ ਵਿਭਾਗ ਵਿਚ ਤਾਇਨਾਤ ਹੋਵੇ। ਅਜਿਹਾ ਹੀ ਇਕ ਮਾਮਲਾ ਟਰਾਂਸਪੋਰਟ ਵਿਭਾਗ ਪਟਿਆਲਾ ਦੇ ਦਫਤਰ ਅੰਦਰਲਾ ਹੈ, ਜੋ ਕਿ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ। ਵਿਭਾਗ ਵਿਚ ਕੰਮ ਕਰਦੇ ਮੋਟਰ ਵ੍ਹੀਕਲ ਇੰਸਪੈਕਟਰ ਨੂੰ ਆਪਣੀ ਰਿਟਾਇਰਮੈਂਟ ਤੋਂ ਬਾਅਦ ਇਕ ਸਾਲ ਦਾ ਵਾਧਾ ਮਿਲ ਚੁੱਕਾ ਸੀ, ਜਿਸ ਦਾ ਸਮਾਂ ਪੂਰਾ ਹੋਣ ਉਪਰੰਤ ਇਕ ਸਾਲ ਦਾ ਹੋਰ ਵਾਧਾ ਦੇ ਦਿੱਤਾ ਗਿਆ ਹੈ। ਇਸ ਤੋਂ ਸਾਫ ਪਤਾ ਲਗਦਾ ਹੈ ਕਿ ਅਜਿਹੇ ਅਧਿਕਾਰੀ ਨੂੰ ਵਾਰ-ਵਾਰ ਵਾਧਾ ਦਿੱਤਾ ਜਾਣਾ ਸਵਾਲਾਂ ਦੇ ਘੇਰੇ 'ਚ ਹੈ।
ਭਾਵੇਂ ਕਿ ਪਟਿਆਲਾ ਟਰਾਂਸਪੋਰਟ ਵਿਭਾਗ ਪਹਿਲਾਂ ਹੀ ਨਿੱਤ ਦਿਨ ਵੱਖ-ਵੱਖ ਕਾਰਨਾਮਿਆਂ ਕਰ ਕੇ ਸੁਰਖੀਆਂ ਵਿਚ ਰਹਿੰਦਾ ਹੈ, ਜਿਸ ਦੀ ਬਦੌਲਤ ਕਈ ਬਾਹਰੀ ਵਿਅਕਤੀ ਅੰਦਰਲੇ ਮੁਲਾਜ਼ਮਾਂ ਦੀਆਂ ਗਲਤੀਆਂ ਕਾਰਨ ਜੇਲ ਦੀ ਹਵਾ ਵੀ ਖਾ ਚੁੱਕੇ ਹਨ ਪਰ ਵਿਭਾਗ ਮੁਲਾਜ਼ਮਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਉਨ੍ਹਾਂ ਦੇ ਹੌਸਲੇ ਪਹਿਲਾਂ ਨਾਲੋਂ ਵੀ ਬੁਲੰਦ ਹੋ ਗਏ ਹਨ ਅਤੇ ਅਨੇਕਾਂ ਕਮੀਆਂ ਹੋਣ ਦੇ ਬਾਵਜੂਦ ਵੀ ਅੜੇ ਹੋਏ ਦਫਤਰੀ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਵਿਚ ਬੋਲੀ ਦੇ ਨੰਬਰ ਤਬਦੀਲ ਕਰਨਾ, ਬੈਕਲਾਗ ਐਂਟਰੀਆਂ ਕਰਨਾ, ਵਾਹਨ ਹਾਜ਼ਰ ਕੀਤੇ ਬਿਨਾ ਫਿਟਨੈੱਸ ਸਰਟੀਫਿਕੇਟ ਜਾਰੀ ਕਰਨਾ, ਵੀ. ਆਈ. ਪੀ. ਨੰਬਰ ਲੈਣਾ, ਇਕ ਨੰਬਰ ਦੀਆਂ ਦੋ ਦੋ ਆਰ. ਸੀ. ਤਿਆਰ ਕਰਨਾ, ਦਫਤਰ ਰਿਕਾਰਡ ਗਾਇਬ ਹੋ ਜਾਣਾ ਆਦਿ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਪਟਿਆਲਾ ਅਥਾਰਟੀ ਵੱਲੋਂ ਅੰਬਾਲਾ ਅਥਾਰਟੀ ਨਾਲ ਮਿਲ ਕੇ ਟਰੱਕਾਂ ਦੀ ਬੈਕਲਾਗ ਐਂਟਰੀ ਰਾਹੀਂ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਵੀ ਵਿਭਾਗ ਦੀ ਕਾਰਗੁਜ਼ਾਰੀ ਲੀਹ 'ਤੇ ਨਹੀਂ ਆ ਸਕੀ। 2018 ਵਿਚ ਐੱਸ. ਐੱਸ. ਪੀ. ਪਟਿਆਲਾ ਨੇ 12 ਵਾਹਨ ਅਤੇ 69 ਆਰ. ਸੀਜ਼, ਮੋਹਰਾਂ ਅਤੇ ਹੋਰ ਸਾਮਾਨ ਬਰਾਮਦ ਕਰ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦਾ ਪਰਦਾਫਾਸ਼ ਕੀਤਾ ਸੀ। ਇਸ ਦੀ ਅੱਜ ਵੀ ਸਿਟ ਵੱਲੋਂ ਜੰਗੀ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਜਦੋਂ 'ਸਿੱਟ' ਦੇ ਅਧਿਕਾਰੀ ਦਫਤਰ ਤੋਂ ਕਾਗਜ਼ਾਤ ਮੰਗਦੇ ਹਨ ਤਾਂ ਉਨ੍ਹਾਂ ਨੂੰ ਫਿੱਕੇ ਪ੍ਰਿੰਟ ਵਾਲੇ ਕਾਗਜ਼ਾਤ ਸੌਂਪ ਦਿੱਤੇ ਜਾਂਦੇ ਹਨ। ਇਸ ਤੋਂ ਸਾਫ ਝਲਕਦਾ ਹੈ ਕਿ ਦਫਤਰੀ ਬਾਬੂ ਸਹੀ ਮਾਅਨਿਆਂ ਵਿਚ ਕਾਗਜ਼ਾਤ ਸਹੀ ਤਰੀਕੇ ਨਾਲ ਜਾਂਚ ਅਧਿਕਾਰੀਆਂ ਨੂੰ ਨਹੀਂ ਦੇਣਾ ਚਾਹੁੰਦੇ ਤਾਂ ਕਿ ਜਾਂਚ ਲਟਕੀ ਰਹੇ। ਵਾਹਨਾਂ ਦੀ ਫਿਟਨੈੱਸ ਚੈੱਕ ਕਰਨ ਵਾਲਾ ਅਧਿਕਾਰੀ ਲੰਮੇ ਸਮੇਂ ਤੋਂ ਸੁਰਖੀਆਂ ਵਿਚ ਹੈ। ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਇਕ ਸਾਲ ਦਾ ਵਾਧਾ ਦੇ ਦਿੱਤਾ ਗਿਆ ਸੀ। ਹੁਣ ਮੁੜ ਇਕ ਸਾਲ ਦਾ ਹੋਰ ਵਾਧਾ ਦੇ ਦਿੱਤਾ ਗਿਆ ਹੈ। ਉਸ ਦੇ ਹੁਕਮ ਐੱਸ. ਟੀ. ਸੀ. ਵੱਲੋਂ ਦਿੱਤੇ ਗਏ ਹਨ।

ਕੀ ਕਹਿੰਦੇ ਹਨ ਟਰਾਂਸਪੋਰਟ ਵਿਭਾਗ ਦੇ ਐੱਸ. ਟੀ. ਸੀ.
ਟਰਾਂਸਪੋਰਟ ਵਿਭਾਗ ਪੰਜਾਬ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ (ਐੱਸ. ਟੀ. ਸੀ.) ਨਾਲ ਜਦੋਂ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਾਹਨਾਂ ਦੀ ਫਿਟਨੈੱਸ ਇੰਸਪੈਕਟਰ ਦੇ ਸਮੁੱਚੇ ਚੱਲ ਰਹੇ ਮਾਮਲਿਆਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜੋ ਸਾਲ ਲਈ ਨੌਕਰੀ ਦਾ ਕਾਰਜਕਾਲ ਵਧਾਇਆ ਗਿਆ ਹੈ ਉਹ ਨਿਯਮਾਂ ਅਤੇ ਵਿਭਾਗ ਦੀ ਪ੍ਰਕਿਰਿਆ ਤਹਿਤ ਹੀ ਵਧਾਇਆ ਗਿਆ ਹੈ। ਜੇਕਰ ਕਿਸੇ ਅਧਿਕਾਰੀ ਖਿਲਾਫ਼ ਕੋਈ ਮਾਮਲਾ ਚੱਲ ਰਿਹਾ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ।

cherry

This news is Content Editor cherry