ਪਟਿਆਲਾ ''ਚ ਰੋਜ਼ਾਨਾ ਹੋਣਗੇ ਕੋਰੋਨਾ ਦੇ 700 ਟੈਸਟ

06/07/2020 5:07:51 PM

ਪਟਿਆਲਾ (ਜੋਸਨ): ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਨੂੰ ਸੂਬੇ ਭਰ 'ਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਅਤੇ ਮਹੀਨਾ ਭਰ ਚੱਲਣ ਵਾਲੇ 'ਮਿਸ਼ਨ ਫ਼ਤਿਹ' ਨੂੰ ਕਾਮਯਾਬ ਕਰਨ ਲਈ ਸਿਹਤ ਵਿਭਾਗ ਨੇ ਹੁਣ ਕੋਵਿਡ-19 ਦੇ ਟੈਸਟਾਂ ਲਈ ਲਏ ਵਾਲੇ ਨਮੂਨਿਆਂ ਦੀ ਦਰ ਹੁਣ ਦੁੱਗਣੀ ਤੋਂ ਵੀ ਵਧਾ ਦਿੱਤੀ ਹੈ। ਪਟਿਆਲਾ ਜ਼ਿਲ੍ਹੇ 'ਚ ਪਹਿਲਾਂ ਰੋਜ਼ਾਨਾ ਨਮੂਨੇ ਇਕੱਤਰ ਕਰਨ ਦੀ ਔਸਤ 150 ਤੋਂ 200 ਦੇ ਲਗਪਗ ਸੀ ਪਰੰਤੂ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਇਸ ਨੂੰ ਹੁਣ 400 ਤੋਂ 450 ਤੱਕ ਲੈ ਆਂਦਾ ਹੈ ਅਤੇ ਇਸ ਨੂੰ 700 ਤੱਕ ਲਿਜਾਇਆ ਜਾਵੇਗਾ।ਪਟਿਆਲਾ ਜ਼ਿਲ੍ਹੇ 'ਚ ਸਥਾਨਕ ਪੱਧਰ 'ਤੇ ਪਿਛਲੇ 15 ਦਿਨਾਂ 'ਚ ਕੇਵਲ ਦੋ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਜਦੋਂਕਿ 1300 ਦੇ ਕਰੀਬ ਬਾਹਰੋਂ ਆਉਣ ਵਾਲੇ ਲੋਕਾਂ 'ਚੋਂ 12 ਦੇ ਆਸਪਾਸ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ।ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਵਿਦੇਸ਼ਾਂ ਤੇ ਬਾਹਰਲੇ ਰਾਜਾਂ ਤੋਂ ਪਟਿਆਲਾ ਆਉਣ ਵਾਲਿਆਂ ਸਮੇਤ ਮਜ਼ਦੂਰਾਂ, ਟੀ.ਬੀ. ਤੇ ਫਲੂ ਦੇ ਲੱਛਣਾਂ ਵਾਲੇ ਮਰੀਜਾਂ ਅਤੇ ਪਾਜ਼ੇਟਿਵ ਕੇਸਾਂ ਦੇ ਸੰਪਰਕਾਂ ਦੇ ਨਮੂਨੇ ਲੈਣ ਦੇ ਨਾਲ-ਨਾਲ ਇਸ ਮਹਾਮਾਰੀ ਵਿਰੁੱਧ ਜੰਗ ਮਿਸ਼ਨ ਫ਼ਤਿਹ ਨੂੰ ਜਿਤਾਉਣ ਵਾਲੇ ਕੋਰੋਨਾ ਯੋਧਿਆਂ, ਜਿਨ੍ਹਾਂ 'ਚ ਸਿਹਤ ਵਿਭਾਗ ਦੇ ਫਰੰਟ ਲਾਈਨ ਯੋਧੇ, ਪੁਲਿਸ ਮੁਲਾਜਮ ਅਤੇ ਸਫ਼ਾਈ ਕਰਮਚਾਰੀਆਂ ਦੇ ਨਮੂਨੇ ਲੈਣ ਦੀ ਦਰ 'ਚ ਵੀ ਵਾਧਾ ਕੀਤਾ ਹੈ।

ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੀਤਾ ਜਾ ਰਿਹੈ ਜਾਗਰੂਕ - ਸਿਵਲ ਸਰਜਨ
ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੌਰਾਨ ਸਿਹਤ ਵਿਭਾਗ, ਕੋਰੋਨਾ ਮਹਾਮਾਰੀ ਬਾਰੇ ਲੋਕਾਂ ਵਿੱਚ ਹੱਥ ਧੋਣ, ਮਾਸਕ ਪਾਉਣ ਅਤੇ ਆਪਸੀ ਦੂਰੀ ਬਣਾ ਕੇ ਰੱਖਣ ਦੀ ਵਿਆਪਕ ਪੱਧਰ ਉਤੇ ਜਾਗਰੂਕਤਾ ਫੈਲਾ ਰਿਹਾ ਹੈ। ਉਹਨਾ ਬਾਹਰੋਂ ਆਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੂਚਨਾ ਸਿਹਤ ਵਿਭਾਗ ਨੂੰ ਜਰੂਰ ਦੇਣ ਤਾਂ ਕਿ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕ ਕੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕੀਤਾ ਜਾ ਸਕੇ।ਡਾ. ਮਲਹੋਤਰਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਬਜ਼ੁਰਗਾਂ ਦੀ ਦੇਖਭਾਲ, ਇਲਾਕੇ ਵਿਚ ਬਾਹਰੀ ਲੋਕਾਂ ਦੇ ਦਾਖ਼ਲੇ ਪ੍ਰਤੀ ਜਾਗਰੂਕ ਰਹਿਣ, ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਪਤਾ ਲਗਾਉਣ ਅਤੇ ਉਹਨਾ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖਣ ਲਈ ਕੋਵਾ ਐਪ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਜਿਲਾ ਐਪਿਡੀਮੋਲੋਜਿਸਟ ਡਾ. ਸੁਮੀਤ ਸਿੰਘ ਵੀ ਮੌਜੂਦ ਸਨ।


Shyna

Content Editor

Related News