''2020'' ਦਾ ਜਸ਼ਨਾਂ ਨਾਲ ਸਵਾਗਤ, ਕਲੱਬਾਂ ਅਤੇ ਹੋਟਲਾਂ ''ਚ ਲੱਗੀਆਂ ਰੌਣਕਾਂ

01/01/2020 11:46:36 AM

ਪਟਿਆਲਾ (ਬਲਜਿੰਦਰ, ਜ. ਬ., ਰਾਣਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਨਵੇਂ ਸਾਲ ਦਾ ਸਵਾਗਤ ਧੂਮ-ਧੜੱਕੇ ਨਾਲ ਕੀਤਾ ਗਿਆ। ਪਟਿਆਲਵੀਆਂ ਨੇ ਸਾਲ 2020 ਦਾ ਸਵਾਗਤ ਖੂਬ ਜਸ਼ਨ ਮਨਾ ਕੇ ਕੀਤਾ। ਚਾਰੇ ਪਾਸੇ ਰੌਣਕ ਸੀ। 12 ਵਜਦੇ ਹੀ ਪਟਾਕਿਆਂ ਅਤੇ ਕਿਲਕਾਰੀਆਂ ਦਾ ਮਾਹੌਲ ਬਣ ਗਿਆ। ਨਵੇਂ ਸਾਲ ਦੇ ਸਵਾਗਤ ਅਤੇ 2019 ਨੂੰ ਅਲਵਿਦਾ ਆਖਣ ਲਈ ਸ਼ਹਿਰ ਦੇ ਕਈ ਹੋਟਲਾਂ ਅਤੇ ਕਲੱਬਾਂ ਵਿਚ ਸਮਾਰੋਹ ਕਰਵਾਏ ਗਏ। ਪਟਿਆਲਵੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਖਾਸ ਗੱਲ ਇਹ ਰਹੀ ਕਿ ਕਈ ਸੰਸਥਾਵਾਂ ਵੱਲੋਂ ਇਸ ਮੌਕੇ ਧਾਰਮਕ ਸਮਾਰੋਹ ਵੀ ਕੀਤੇ ਗਏ। ਨਵੇਂ ਸਾਲ ਮੌਕੇ ਸ਼ਾਮ ਤੋਂ ਹੀ ਬਜ਼ਾਰਾਂ ਅਤੇ ਹੋਟਲਾਂ ਵਿਚ ਰੌਣਕ ਸ਼ੁਰੂ ਹੋ ਗਈ ਸੀ। ਜਿਉਂ-ਜਿਉਂ ਰਾਤ ਹੁੰਦੀ ਗਈ, ਜਸ਼ਨ ਦਾ ਜੋਸ਼ ਸਿਖਰਾਂ 'ਤੇ ਚੜ੍ਹਦਾ ਗਿਆ। 12 ਵਜੇ ਤੱਕ ਪੂਰਾ ਸ਼ਹਿਰ ਖੁਸ਼ੀ 'ਚ ਡੁੱਬਾ ਰਿਹਾ। ਕਿਤੇ ਕਲਾਕਾਰਾਂ ਦੇ ਅਖਾੜੇ ਅਤੇ ਕਿਤੇ ਡੀ. ਜੇ. ਦੀਆਂ ਧੁਨਾਂ ਸੁਣ ਰਹੀਆਂ ਹਨ। ਨਵੇਂ ਸਾਲ ਮੌਕੇ ਖਾਸ ਤੌਰ 'ਤੇ ਨੌਜਵਾਨਾਂ ਨੇ ਡੀ. ਜੇ. 'ਤੇ ਥਿਰਕ ਕੇ ਜਸ਼ਨ ਮਨਾਏ। ਵੱਡੇ ਹੋਟਲਾਂ ਅਤੇ ਕਲੱਬਾਂ ਤੋਂ ਇਲਾਵਾ ਲੋਕਾਂ ਨੇ ਮੁਹੱਲਿਆਂ ਵਿਚ ਵੀ ਰੌਣਕ-ਮੇਲਾ ਰਿਹਾ। ਪਟਿਆਲਾ ਨੂੰ ਸ਼ਾਹੀ ਸ਼ਹਿਰ ਦੇ ਨਾਂ ਨਾਲ ਜਾਣਨ ਕਾਰਣ ਇਥੋਂ ਦੇ ਸਮਾਰੋਹਾਂ ਵਿਚ ਆਮ ਤੌਰ 'ਤੇ ਰੌਣਕ ਲੱਗੀ ਰਹਿੰਦੀ ਹੈ। ਇਸ ਵਾਰ ਖਾਸ ਤੌਰ 'ਤੇ ਨਵੇਂ ਸਾਲ ਦੇ ਸਮਾਗਮਾਂ ਦਾ ਨਜ਼ਾਰਾ ਦੁੱਗਣਾ ਹੋ ਗਿਆ।

ਪੁਲਸ ਦੀ ਸਖ਼ਤੀ, ਹੁੱਲੜਬਾਜ਼ ਖ਼ਾਮੋਸ਼
ਨਵੇਂ ਸਾਲ ਮੌਕੇ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ, ਇਸ ਲਈ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਜਾਰੀ ਹਦਾਇਤਾਂ 'ਤੇ ਸਮੁੱਚੇ ਥਾਣਿਆਂ ਦੇ ਐੱਸ. ਐੱਚ. ਓਜ਼ ਨੇ ਖੁਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਚੌਕਾਂ ਵਿਚ ਵਿਸ਼ੇਸ਼ ਤੌਰ 'ਤੇ ਪੁਲਸ ਤਾਇਨਾਤ ਕੀਤੀ ਗਈ। ਇਸ ਤੋਂ ਇਲਾਵਾ ਜਿਥੇ ਵੀ ਨਵੇਂ ਸਾਲ ਮੌਕੇ ਸਮਾਰੋਹ ਕਰਵਾਏ ਗਏ, ਉਥੇ ਵੀ ਪੁਲਸ ਭਾਰੀ ਗਿਣਤੀ ਵਿਚ ਚੌਕਸ ਰਹੀ। ਇਸ ਤੋਂ ਇਲਾਵਾ ਸ਼ਹਿਰ ਵਿਚ ਪੀ. ਸੀ. ਆਰ. ਅਤੇ ਨਾਈਟ ਪਟਰੋਲਿੰਗ ਦੀ ਫੋਰਸ ਭਾਰੀ ਗਿਣਤੀ ਵਿਚ ਤਾਇਨਾਤ ਸੀ। ਹੁੱਲੜਬਾਜ਼ਾਂ ਵੱਲੋਂ ਲੀਲਾ ਭਵਨ ਤੋਂ ਇਲਾਵਾ ਇਕ-ਦੋ ਹੋਰ ਥਾਵਾਂ 'ਤੇ ਇਕੱਠੇ ਹੋਣ ਦੀ ਕੋਸ਼ਸ਼ ਕੀਤੀ ਗਈ ਪਰ ਪੁਲਸ ਨੇ ਮੌਕੇ 'ਤੇ ਸਭ ਨੂੰ ਤਿੱਤਰ-ਬਿੱਤਰ ਕਰ ਦਿੱਤਾ। ਐੱਸ. ਪੀ. ਸਿਟੀ ਵਰੁਣ ਸ਼ਰਮਾ ਅਤੇ ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਨੇ ਵੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਾਰੀ ਸਥਿਤੀ 'ਤੇ ਨਜ਼ਰ ਰੱਖੀ।

ਕਈਆਂ ਨੂੰ ਪਿਆ ਨਵਾਂ ਸਾਲ ਮਹਿੰਗਾ
ਟਰੈਫਿਕ ਪੁਲਸ ਵੱਲੋਂ ਨਵੇਂ ਸਾਲ ਮੌਕੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਸ਼ਿਕੰਜਾ ਕੱਸਿਆ ਗਿਆ। ਥਾਂ-ਥਾਂ 'ਤੇ ਨਾਕਬੰਦੀ ਕਰ ਕੇ ਟਰੈਫਿਕ ਪੁਲਸ ਵੱਲੋਂ ਅਲਕੋਮੀਟਰ ਨਾਲ ਚੈਕਿੰਗ ਵੀ ਕੀਤੀ ਗਈ। ਸ਼ਰਾਬ ਪੀ ਕੇ ਗੱਡੀਆਂ ਚਲਾਉਣ ਅਤੇ ਜਨਤਕ ਥਾਵਾਂ 'ਤੇ ਹੁੱਲੜਬਾਜ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਟਰੈਫਿਕ ਪੁਲਸ ਭੀੜ ਵਾਲੀਆਂ ਥਾਵਾਂ 'ਤੇ ਟਰੈਫਿਕ ਵਿਵਸਥਾ ਕੰਟਰੋਲ ਕਰ ਰਹੀ ਸੀ। ਸ਼ਰਾਬ ਪੀ ਕੇ ਜਾਂ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਵੀ ਕੱਸ ਰਹੀ ਸੀ। ਟਰੈਫਿਕ ਇੰਚਾਰਜ ਕਰਨੈਲ ਸਿੰਘ ਨੇ ਖੁਦ ਕਮਾਨ ਸੰਭਾਲੀ ਹੋਈ ਸੀ। ਪੁਲਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਸੀ ਤਾਂ ਕਿ ਹੁੱਲੜਬਾਜ਼ਾਂ ਨੂੰ ਰੋਕਿਆ ਜਾ ਸਕੇ। ਨਵਾਂ ਸਾਲ ਚੜ੍ਹਦਿਆਂ ਹੀ ਵੱਡੀ ਗਿਣਤੀ ਵਿਚ ਨੌਜਵਾਨ ਸੜਕਾਂ 'ਤੇ ਆ ਜਾਂਦੇ ਹਨ ਅਤੇ ਹੁੱਲੜਬਾਜ਼ੀ ਦੀ ਸੰਭਾਵਨਾ ਬਣੀ ਰਹਿੰਦੀ ਹੈ।


Shyna

Content Editor

Related News