ਸਥਾਨਕ ਸਰਕਾਰਾਂ ਮੰਤਰੀ ਅਤੇ ਮੇਅਰ ਬਿੱਟੂ ਵਿਵਾਦ

02/04/2020 12:42:17 PM

ਪਟਿਆਲਾ/ਰੱਖੜਾ (ਰਾਣਾ): ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਪਟਿਆਲਾ ਦਿਹਾਤੀ ਦੇ ਵਿਕਾਸ ਕਾਰਜਾਂ ਦੀ ਕਮਾਂਡ ਨਗਰ ਨਿਗਮ ਤੋਂ ਖੋਹ ਕੇ ਇੰਪਰੂਵਮੈਂਟ ਟਰੱਸਟ ਦੇ ਹਵਾਲੇ ਕਰਨ ਤੋਂ ਬਾਅਦ ਮੰਤਰੀ ਬ੍ਰਹਮ ਮਹਿੰਦਰਾ ਅਤੇ ਮੇਅਰ ਬਿੱਟੂ ਦੇ ਵਿਵਾਦ ਦੌਰਾਨ ਮੇਅਰ ਦੇ ਦਾਅਵੇਦਾਰਾਂ ਨੇ ਫਿਰ ਲੰਗੋਟ ਕੱਸ ਲਏ ਹਨ। ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਪਟਿਆਲਾ ਦਾ ਮੇਅਰ ਬਦਲਿਆ ਗਿਆ ਹੈ। ਉਸੇ ਤਰ੍ਹਾਂ ਕਾਂਗਰਸ ਸਰਕਾਰ ਵਿਚ ਵੀ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ। ਇਸ ਤੋਂ ਦਾਅਵੇਦਾਰਾਂ ਨੂੰ ਲੱਗ ਰਿਹਾ ਹੈ ਕਿ ਪਾਰਟੀ ਹਾਈਕਮਾਂਡ ਪਟਿਆਲਾ ਦਾ ਮੇਅਰ ਬਦਲ ਸਕਦੀ ਹੈ। ਇਸ ਲਈ ਉਨ੍ਹਾਂ ਨੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਸੂਤਰਾਂ ਅਨੁਸਾਰ ਸਿੱਖ ਚਿਹਰੇ ਵਜੋਂ ਮੌਜੂਦਾ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਅਤੇ ਨਗਰ ਨਿਗਮ ਦੀ ਐੱਫ. ਐਂਡ. ਸੀ. ਸੀ. ਦੇ ਸਪੈਸ਼ਲ ਇਨਵਾਇਟੀ ਮੈਂਬਰ ਤੇ ਸੀਨੀਅਰ ਕੌਂਸਲਰ ਹਰਵਿੰਦਰ ਸਿੰਘ ਨਿੱਪੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਦੋਵਾਂ ਆਗੂਆਂ ਨੂੰ ਮਹਾਰਾਣੀ ਪ੍ਰਨੀਤ ਕੌਰ ਦਾ ਅਸ਼ੀਰਵਾਦ ਹਾਸਲ ਹੈ। ਉਹ ਮੋਤੀ ਮਹਿਲ ਦੇ ਵਿਸ਼ਵਾਸ-ਪਾਤਰਾਂ 'ਚੋਂ ਹਨ। ਇਸੇ ਤਰ੍ਹਾਂ ਹਿੰਦੂ ਲੀਡਰਸ਼ਿੱਪ ਵਿਚੋਂ ਜ਼ਿਲਾ ਕਾਂਗਰਸ ਪ੍ਰਧਾਨ ਕੇ. ਕੇ. ਮਲਹੋਤਰਾ ਦੀ ਧਰਮ-ਪਤਨੀ ਕਮਲੇਸ਼ ਮਲਹੋਤਰਾ, ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਵਿਚੋਂ ਕੌਂਸਲਰ ਬਣੇ ਬਲਾਕ ਕਾਂਗਰਸ ਪ੍ਰਧਾਨ ਅਨਿਲ ਮੌਦਗਿਲ, ਵਾਰਡ ਨੰਤ. 14 ਦੇ ਕੌਂਸਲਰ ਰਿੱਚੀ ਡਕਾਲਾ, ਬਲਾਕ ਕਾਂਗਰਸ ਪ੍ਰਧਾਨ ਅਤੇ ਵਾਰਡ ਨੰ. 34 ਦੇ ਕੌਂਸਲਰ ਅਤੁਲ ਜੋਸ਼ੀ ਮੈਦਾਨ ਵਿਚ ਹਨ।

PunjabKesari

ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪਨਸਪ ਦੇ ਵਾਈਸ-ਚੇਅਰਮੈਨ ਨਿਯੁਕਤ ਕੀਤੇ ਗਏ ਕ੍ਰਿਸ਼ਨ ਚੰਦ ਬੁੱਧੂ ਵੀ ਮੇਅਰ ਦੀ ਰੇਸ ਵਿਚ ਦੱਸੇ ਜਾ ਰਹੇ ਹਨ ਜਦੋਂ ਕਿ ਦਲਿਤ ਕੋਟੇ ਵਿਚੋਂ ਮੌਜੂਦਾ ਡਿਪਟੀ ਮੇਅਰ ਵਿੰਤੀ ਸੰਗਰ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਬੇਸ਼ੱਕ ਅਜੇ ਮੇਅਰ ਬਣਨ ਬਾਰੇ ਕੋਈ ਵਿਚਾਰ-ਚਰਚਾ ਨਹੀਂ ਪਰ ਜਿਸ ਤਰ੍ਹਾਂ ਕੁਝ ਸਮੇਂ ਤੋਂ ਸਿਆਸੀ ਗਤੀਵਿਧੀਆਂ ਤੇਜ਼ ਹੋਈਆਂ ਹਨ ਅਤੇ ਲੰਚ ਡਿਪਲੋਮੇਸੀ ਸ਼ੁਰੂ ਹੋਈ ਹੈ, ਉਸ ਕਾਰਣ ਮੇਅਰ ਦੇ ਦਾਅਵੇਦਾਰਾਂ ਨੂੰ ਉਮੀਦ ਹੈ ਕਿ ਸਿਆਸੀ ਉਥਲ-ਪੁਥਲ ਵਿਚ ਉਨ੍ਹਾਂ ਦਾ ਨੰਬਰ ਲੱਗ ਸਕਦਾ ਹੈ। ਇਸ ਕਰ ਕੇ ਉਨ੍ਹਾਂ ਨੇ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਸੂਤਰਾਂ ਅਨੁਸਾਰ ਜੇਕਰ ਸੰਜੀਵ ਸ਼ਰਮਾ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਜ਼ਿਲਾ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੌਜੂਦਾ ਜ਼ਿਲਾ ਪ੍ਰਧਾਨ ਕੇ. ਕੇ. ਮਲਹੋਤਰਾ ਦੀ ਧਰਮ-ਪਤਨੀ ਕਮਲੇਸ਼ ਕੁਮਾਰੀ ਮਲਹੋਤਰਾ ਮੇਅਰ ਦੀ ਕੁਰਸੀ 'ਤੇ ਕਾਬਜ਼ ਹੋ ਸਕਦੀ ਹੈ।
ਵਾਰਡ ਨੰ. 59 ਦੀ ਕੌਂਸਲਰ ਮਿਨਾਕਸ਼ੀ ਸਿੰਗਲਾ ਵੀ ਮੇਅਰ ਦੀ ਦਾਅਵੇਦਾਰ ਦੱਸੀ ਜਾ ਰਹੀ ਹੈ। ਮਿਨਾਕਸ਼ੀ ਸਿੰਗਲਾ ਦੇ ਪਤੀ ਗੋਪਾਲ ਸਿੰਗਲਾ ਕੌਂਸਲਰ ਰਹਿ ਚੁੱਕੇ ਹਨ ਪਰ ਇਸ ਵਾਰ ਉਨ੍ਹਾਂ ਦਾ ਵਾਰਡ ਰਿਜ਼ਰਵ ਕਰਵਾ ਦਿੱਤਾ ਗਿਆ ਸੀ। ਇਸ ਕਾਰਨ ਗੋਪਾਲ ਸਿੰਗਲਾ ਨੇ ਆਪਣੀ ਧਰਮ-ਪਤਨੀ ਮਿਨਾਕਸ਼ੀ ਸਿੰਗਲਾ ਨੂੰ ਉਮੀਦਵਾਰ ਬਣਾ ਦਿੱਤਾ ਸੀ। ਗੋਪਾਲ ਸਿੰਗਲਾ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਚਾਚਾ ਜੀ ਹਨ। ਵਿਜੇਇੰਦਰ ਸਿੰਗਲਾ ਬਦਲੇ ਹੋਏ ਸਿਆਸੀ ਸਮੀਕਰਨਾਂ ਵਿਚ ਮਿਨਾਕਸ਼ੀ ਸਿੰਗਲਾ ਨੂੰ ਮੇਅਰ ਬਣਾਉਣ ਲਈ ਮੁੱਖ ਮੰਤਰੀ ਅਤੇ ਮਹਾਰਾਣੀ ਪ੍ਰਨੀਤ ਕੌਰ ਤੱਕ ਪਹੁੰਚ ਕਰ ਸਕਦੇ ਹਨ।

PunjabKesari

ਬ੍ਰਹਮ ਮਹਿੰਦਰਾ ਦੇ 'ਧੋਬੀ ਪਟਕੇ' ਤੋਂ ਬਾਅਦ ਮੇਅਰ ਨੇ ਇਕ ਨਿੱਜੀ ਫਾਰਮ ਹਾਊਸ 'ਚ ਕੀਤੀ ਮੀਟਿੰਗ
ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸ਼ਹਿਰ ਦੇ 26 ਵਾਰਡਾਂ ਦਾ ਕੰਮ ਮੇਅਰ ਬਿੱਟੂ ਕੋਲੋਂ ਖੋਹ ਕੇ ਇੰਪਰੂਵਮੈਂਟ ਟਰੱਸਟ ਨੂੰ ਦੇ ਕੇ ਮੇਅਰ ਨੂੰ ਦਿੱਤੇ ਗਏ 'ਧੋਬੀ ਪਟਕੇ' ਤੋਂ ਬਾਅਦ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਐਤਵਾਰ ਸ਼ਾਮ ਨੂੰ ਦੇਵੀਗੜ੍ਹ ਰੋਡ 'ਤੇ ਇਕ ਨਿੱਜੀ ਫਾਰਮ ਹਾਊਸ ਵਿਚ ਦੇਰ ਰਾਤ ਤੱਕ ਅਹਿਮ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਇਸ ਮੀਟਿੰਗ ਵਿਚ ਪਟਿਆਲਾ ਸ਼ਹਿਰੀ ਹਲਕੇ ਦੇ ਮੇਅਰ ਸਮੇਤ ਕੁੱਲ 9 ਕੌਂਸਲਰ ਸ਼ਾਮਲ ਸਨ ਜਦੋਂ ਕਿ ਪਟਿਆਲਾ ਦਿਹਾਤੀ ਹਲਕੇ ਦਾ ਇਕ ਕੌਂਸਲਰ ਵੀ ਇਸ ਮੀਟਿੰਗ ਵਿਚ ਸ਼ਾਮਲ ਸੀ।
ਪਟਿਆਲਾ ਸ਼ਹਿਰੀ ਹਲਕੇ ਦੇ ਕੌਂਸਲਰਾਂ ਵਿਚ ਬਲਾਕ ਕਾਂਗਰਸ ਕਿਲਾ ਮੁਬਾਰਕ ਦੇ ਪ੍ਰਧਾਨ ਅਤੇ ਕੌਂਸਲਰ ਅਤੁਲ ਜੋਸ਼ੀ, ਵਿਜੇ ਕੁਮਾਰ ਕੂਕਾ, ਹਰਵਿੰਦਰ ਸਿੰਘ ਨਿੱਪੀ, ਸੰਦੀਪ ਮਲਹੋਤਰਾ, ਵਾਰਡ ਨੰ. 41 ਦੇ ਕੌਂਸਲਰ ਸੋਨੀਆ ਕਪੂਰ ਦੇ ਪਤੀ ਹਰੀਸ਼ ਕਪੂਰ, ਵਾਰਡ ਨੰ. 43 ਦੇ ਕੌਂਸਲਰ ਵਰਸ਼ਾ ਕਪੂਰ ਦੇ ਪਤੀ ਅਸ਼ਵਨੀ ਕਪੂਰ ਮਿੱਕੀ, ਗਿੰਨੀ ਨਾਗਪਾਲ ਅਤੇ ਸ਼ੇਰੂ ਪੰਡਤ ਤੋਂ ਇਲਾਵਾ ਪਟਿਆਲਾ ਦਿਹਾਤੀ ਹਲਕੇ ਦੇ ਕੌਂਸਲਰ, ਬਲਾਕ ਪ੍ਰਧਾਨ ਤੇ ਐੱਫ. ਐਂਡ. ਸੀ. ਸੀ. ਦੇ ਮੈਂਬਰ ਅਨਿਲ ਮੌਦਗਿਲ ਵੀ ਹਾਜ਼ਰ ਸਨ। ਮੀਟਿੰਗ ਵਿਚ ਕੀ ਫੈਸਲਾ ਹੋਇਆ? ਇਸ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ। ਸੂਤਰਾਂ ਅਨੁਸਾਰ ਇਸ ਮੀਟਿੰਗ ਵਿਚ ਮੇਅਰ ਵੱਲੋਂ ਭਵਿੱਖੀ ਲੜਾਈ ਦੀ ਰਣਨੀਤੀ ਬਣਾਈ ਗਈ ਹੈ।

ਮੁੱਖ ਮੰਤਰੀ ਦੇ ਹਲਕੇ ਦੇ ਕਈ ਕੌਂਸਲਰ ਮੇਅਰ ਦੇ ਵਿਹਾਰ ਤੋਂ ਦੁਖੀ
ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਵਿਧਾਨ ਸਭਾ ਹਲਕੇ ਦੇ ਕਈ ਕੌਂਸਲਰ ਮੇਅਰ ਦੇ ਵਿਹਾਰ ਤੋਂ ਦੁਖੀ ਹਨ। ਇਸ ਤੋਂ ਇਲਾਵਾ ਦਲਿਤ ਕੌਂਸਲਰ ਵੀ ਵਿਸ਼ੇਸ਼ ਤੌਰ 'ਤੇ ਦੁਖੀ ਹਨ। ਕੁਝ ਕੌਂਸਲਰ ਆਪਣੇ ਵਾਰਡਾਂ ਦੇ ਕੰਮ ਇੰਪਰੂਵਮੈਂਟ ਟਰੱਸਟ ਦੇ ਹਵਾਲੇ ਕਰਵਾਉਣ ਲਈ ਅਰਜ਼ੀਆਂ ਦੇ ਸਕਦੇ ਹਨ। ਕੌਂਸਲਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਾਰਡਾਂ ਦੇ ਵਿਕਾਸ ਕਾਰਜ ਹੋਣ। ਮੇਅਰ ਵੱਲੋਂ ਕੌਂਸਲਰਾਂ ਦੇ ਫੋਨ ਵੀ ਨਹੀਂ ਚੁੱਕੇ ਜਾਂਦੇ, ਜਿਸ ਕਰ ਕੇ ਕੌਂਸਲਰ ਮੇਅਰ ਦੀ ਕਾਰਜ-ਪ੍ਰਣਾਲੀ ਤੋਂ ਬੇਹੱਦ ਦੁਖੀ ਹਨ। ਆਉਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਕਾਫੀ ਹੰਗਾਮੇ ਭਰੀ ਹੋ ਸਕਦੀ ਹੈ।


Shyna

Content Editor

Related News