ਬੰਗਾਲ ''ਚ ਹੋਏ ਹਮਲੇ ਦਾ ਰੋਸ ਪਟਿਆਲਾ ''ਚ ਡਾਕਟਰਾਂ ਨੇ ਮਨਾਇਆ ''ਬਲੈਕ ਡੇਅ''

06/15/2019 1:42:24 PM

ਪਟਿਆਲਾ (ਬਲਜਿੰਦਰ)—ਐੈੱਨ. ਆਰ. ਐੈੱਸ. ਮੈਡੀਕਲ ਕਾਲਜ ਕਲਕੱਤਾ ਵਿਖੇ ਡਾਕਟਰਾਂ 'ਤੇ ਹੋਏ ਹਮਲੇ ਦਾ ਅਸਰ ਪੰਜਾਬ ਵਿਚ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਅੱਜ ਭੜਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ, ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰ ਐਸੋਸੀਏਸ਼ਨ ਅਤੇ ਪੀ. ਸੀ. ਐੈੱਮ. ਐੈੱਸ. ਐਸੋਸੀਏਸ਼ਨ ਸਮੇਤ ਸਮੁੱਚੀਆਂ ਸੰਸਥਾਵਾਂ ਵੱਲੋਂ ਪਟਿਆਲਾ ਸ਼ਹਿਰ ਵਿਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਡਾਕਟਰਾਂ ਵੱਲੋਂ ਅੱਜ 'ਬਲੈਕ ਡੇਅ' ਐਲਾਨਿਆ ਗਿਆ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਸਮੇਤ ਕਈ ਥਾਵਾਂ 'ਤੇ ਰੋਸ ਮਾਰਚ ਵੀ ਕੀਤੇ ਗਏ। ਬਾਅਦ ਵਿਚ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਇਸ ਮਾਮਲੇ ਵਿਚ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿਹਤ ਮੰਤਰੀ ਨੂੰ ਇਕ ਮੰਗ-ਪੱਤਰ ਵੀ ਸੌਂਪਿਆ ਗਿਆ। ਇਸ ਵਿਚ ਐੈੱਨ. ਆਰ. ਐੈੱਸ. ਮੈਡੀਕਲ ਕਾਲਜ ਦੇ ਡਾਕਟਰ ਪਰੀਬਾਹਾ ਮੁਖਰਜੀ ਨਾਲ ਕੁੱਟ-ਮਾਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਗਈ।

ਇਸ ਮੌਕੇ ਆਈ. ਐੈੱਮ. ਏ. ਦੇ ਮੀਡੀਆ ਐਂਡ ਮੈਡੀਕੋ ਲੀਗਲ ਐਡਵਾਈਜ਼ਰ ਅਤੇ ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਡੀ. ਐੈੱਸ. ਭੁੱਲਰ, ਡਾ. ਵਰਿੰਦਰ ਗਰਗ, ਰਾਜਿੰਦਰ ਗੋਇਲ, ਡਾ. ਮਨਜਿੰਦਰ ਸਿੰਘ ਮਾਨ, ਡਾ. ਵਿਕਾਸ ਗੋਇਲ, ਡਾ. ਜਸਪਿੰਦਰ ਸਿੰਘ, ਡਾ. ਮਨਪ੍ਰੀਤ ਕੌਰ, ਡਾ. ਪ੍ਰਸੂਨ, ਡਾ. ਨਵਦੀਪ ਵਾਲੀਆ, ਡਾ. ਸੁਧੀਰ ਸੇਠੀ, ਡਾ. ਅੰਜੂ ਸਿੰਗਲਾ, ਡਾ. ਤਨਵੀ ਅਤੇ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ ਹਾਜ਼ਰ ਸੀ।

ਹਮਲਾਵਰਾਂ ਖਿਲਾਫ ਸਖਤ ਕਾਰਵਾਈ ਨਾ ਕਰਨ 'ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਇਸ ਦੌਰਾਨ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਡਾਕਟਰ ਇਕ ਨੋਬਲ ਪ੍ਰੋਫੈਸ਼ਨ ਹੈ। ਵਾਰ-ਵਾਰ ਉਨ੍ਹਾਂ ਨੂੰ ਇਸ ਤਰ੍ਹਾਂ ਕੁੱਟ-ਮਾਰ ਦਾ ਸ਼ਿਕਾਰ ਬਣਾਇਆ ਜਾਣਾ ਬਹੁਤ ਮੰਦਭਾਗੀ ਗੱਲ ਹੈ। ਡਾਕਟਰ ਦਾ ਕੰਮ ਮਨੁੱਖੀ ਜ਼ਿੰਦਗੀਆਂ ਬਚਾਉਣਾ ਹੈ। ਮੌਜੂਦਾ ਸਮੇਂ ਇਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਹੈ ਕਿ ਕੋਈ ਵੀ ਘਟਨਾ ਹੋਣ ਤੋਂ ਬਾਅਦ ਡਾਕਟਰਾਂ 'ਤੇ ਹੀ ਅਟੈਕ ਕਰ ਦਿੱਤਾ ਜਾਂਦਾ ਹੈ। ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਪੱਛਮੀ ਬੰਗਾਲ ਵਿਚ ਡਾਕਟਰਾਂ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ

ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।
ਬੰਗਾਲ ਦੀ ਘਟਨਾ ਤੋਂ ਇਲਾਵਾ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਏ ਦਿਨ ਡਾਕਟਰਾਂ 'ਤੇ ਹੋ ਰਹੇ ਹਮਲਿਆਂ ਦਾ ਵੀ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀ ਡਾਕਟਰ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਇਸ ਤਰ੍ਹਾਂ ਕਾਨੂੰਨ ਨੂੰ ਹੱਥ ਵਿਚ ਲੈ ਕੇ ਡਾਕਟਰਾਂ ਖਿਲਾਫ ਇਸੇ ਤਰ੍ਹਾਂ ਲਗਾਤਾਰ ਹਮਲੇ ਹੁੰਦੇ ਰਹੇ ਤਾਂ ਕੋਈ ਵੀ ਡਾਕਟਰ ਆਪਣੀ ਡਿਊਟੀ ਨੂੰ ਬਿਨਾਂ ਕਿਸੇ ਡਰ ਤੋਂ ਨਹੀਂ ਨਿਭਾਅ ਸਕੇਗਾ। ਮੈਡੀਕਲ ਇਕ ਅਜਿਹਾ ਕਿੱਤਾ ਹੈ, ਜਿਸ ਵਿਚ ਡਾਕਟਰ ਪੂਰੀ ਤਨਦੇਹੀ ਨਾਲ ਮਰੀਜ਼ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਹੀ ਉਸ ਦੀ ਸਭ ਤੋਂ ਵੱਡੀ ਪਹਿਲ ਹੁੰਦੀ ਹੈ।


Shyna

Content Editor

Related News