ਇੰਜ. ਪਰਵਿੰਦਰ ਸਿੰਘ ਖਾਂਬਾ ਲੁਧਿਆਣਾ ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਨਿਯੁਕਤ

06/08/2022 7:25:30 PM

ਲੁਧਿਆਣਾ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਇੰਜ. ਹਰਜੀਤ ਸਿੰਘ ਗਿੱਲ ਨੂੰ ਬਦਲਦੇ ਹੋਏ, ਉਨ੍ਹਾਂ ਦੀ ਜਗ੍ਹਾ ਇੰਜ. ਪਰਵਿੰਦਰ ਸਿੰਘ ਖਾਂਬਾ ਨੂੰ ਕੇਂਦਰੀ ਜ਼ੋਨ ਲੁਧਿਆਣਾ ਦਾ ਚੀਫ ਇੰਜੀਨੀਅਰ (ਵੰਡ) ਨਿਯੁਕਤ ਕੀਤਾ ਹੈ। ਇੰਜ. ਪਰਵਿੰਦਰ ਸਿੰਘ ਖਾਂਬਾ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿਖੇ ਡਿਪਟੀ ਚੀਫ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਬੁੱਧਵਾਰ ਨੂੰ ਲੁਧਿਆਣਾ ਵਿਖੇ ਚਾਰਜ ਸੰਭਾਲਣ ਤੋਂ ਬਾਅਦ ਇੰਜ. ਪਰਵਿੰਦਰ ਸਿੰਘ ਖਾਂਬਾ ਨੇ ਲੁਧਿਆਣਾ ਕੇਂਦਰੀ ਜ਼ੋਨ ਦੇ ਐੱਸਈਜ਼, ਐਕਸੀਅਨਜ ਅਤੇ ਹੋਰ ਸਟਾਫ ਤੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਤੈਅ ਟੀਚੇ ਨੂੰ ਪ੍ਰਾਪਤ ਕਰਨ ਲਈ ਸਹਿਯੋਗ ਮੰਗਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਦਿੱਲੀ ਤੇ ਮਹਾਰਾਸ਼ਟਰ ਪੁਲਸ ਕਰੇਗੀ ਪ੍ਰੈੱਸ ਕਾਨਫਰੰਸ

ਪੀ.ਐੱਸ.ਪੀ.ਸੀ.ਐੱਲ. ਦੇ ਸਟਾਫ ਨਾਲ ਮੀਟਿੰਗ ਕਰਦਿਆਂ, ਚੀਫ ਇੰਜੀਨੀਅਰ ਨੇ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਸਟਾਫ ਦੇ ਹਰੇਕ ਮੈਂਬਰ ਦਾ ਸਹਿਯੋਗ ਅਤੇ ਸਮਰਥਨ ਜ਼ਰੂਰੀ ਹੈ। ਉਨ੍ਹਾਂ ਨੇ ਅਫ਼ਸਰਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਲਾਪ੍ਰਵਾਹੀ ਹੁੰਦੀ ਹੈ, ਤਾਂ ਸਬੰਧਤ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਇੰਜ. ਖਾਂਬਾ ਨੇ ਭ੍ਰਿਸ਼ਟਾਚਾਰ ਦੇ ਨਾਲ-ਨਾਲ ਬਿਜਲੀ ਦੀ ਚੋਰੀ ਅਤੇ ਦੁਰਵਰਤੋਂ ਖ਼ਿਲਾਫ਼ ਵੀ ਜ਼ੀਰੋ ਟੋਲਰੈਂਸ ਉੱਪਰ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਵਿਭਾਗਾਂ ਦੀ ਕਾਰਜਪ੍ਰਣਾਲੀ ਤੇ ਨਜ਼ਦੀਕੀ ਨਾਲ ਨਜ਼ਰ ਰੱਖਣਗੇ ਅਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਚ ਸੁਧਾਰ ਕਰਦਿਆਂ ਪ੍ਰਾਪਤ ਹੋਣ ਵਾਲੇ ਮਾਲੀਏ ਨੂੰ ਵਧਾਉਣ ਦੇ ਨਾਲ-ਨਾਲ ਸੇਵਾਵਾਂ ਵਿੱਚ ਵੀ ਸੁਧਾਰ ਕਰਨਗੇ।

ਇਹ ਵੀ ਪੜ੍ਹੋ : ਆਪਣਾ ਖੂਨ ਵਹਾ ਦਿਆਂਗੀ ਪਰ ਬੰਗਾਲ ਦੀ ਵੰਡ ਕਦੇ ਵੀ ਨਹੀਂ ਹੋਣ ਦਿਆਂਗੀ : ਮਮਤਾ

ਜ਼ਿਕਰਯੋਗ ਹੈ ਕਿ 26 ਦਸੰਬਰ, 1964 ਨੂੰ ਪਿੰਡ ਸ਼ੇਰਪੁਰ ਗੋਬਿੰਦ, ਜ਼ਿਲ੍ਹਾ ਹੁਸ਼ਿਆਰਪੁਰ ਚ ਜਨਮੇ ਇੰਜ ਖਾਂਬਾ ਨੇ ਪ੍ਰਾਇਮਰੀ ਸਿੱਖਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ। ਉਹ ਬੈਚਲਰ ਆਫ ਸਾਇੰਸ ਗੋਲਡ ਮੈਡਲਿਸਟ ਹਨ ਅਤੇ ਉਨ੍ਹਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਤੋਂ 1987 'ਚ ਬੈਚਲਰ ਆਫ ਇੰਜੀਨੀਅਰ (ਇਲੈਕਟ੍ਰੀਕਲ ਓਨਰਜ਼) ਵੀ ਕੀਤੀ। ਇੰਜ. ਖਾਂਬਾ ਨੇ 1991 ਫ਼ਾਜ਼ਿਲਕਾ ਅੰਦਰ ਪੀ.ਐੱਸ.ਪੀ.ਸੀ.ਐੱਲ. ਚ ਬਤੌਰ ਐੱਸਡੀਓ ਜੁਆਇਨ ਕਰਨ ਤੋਂ ਪਹਿਲਾਂ, ਥਾਪਰ ਗਰੁੱਪ ਦੇ ਜੇਸੀਟੀ ਲਿਮਟਿਡ ਵਿਚ ਚਾਰ ਸਾਲ ਕੰਮ ਵੀ ਕੀਤਾ। ਇੰਜੀਨੀਅਰ ਖਾਂਬਾ ਕੋਲ 31 ਸਾਲਾ ਦਾ ਵੱਡਾ ਤਜਰਬਾ ਹੈ, ਜਿਸ ਵਿਚ 28 ਸਾਲ ਵੰਡ ਦੇ ਖੇਤਰ ਦੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar