ਰੱਦੀ ਕਾਗਜ਼ ਨਾਲ ਭਰੇ ਟਰੱਕਾਂ ''ਚ ਛੁਪਾ ਕੇ ਲਿਆਂਦੀ 90 ਕਿਲੋ ਭੁੱਕੀ ਸਣੇ 2 ਕਾਬੂ

09/17/2019 2:29:53 PM

ਸਮਾਣਾ (ਦਰਦ)—ਸੀ. ਆਈ. ਏ. ਸਮਾਣਾ ਨੇ ਮੱਧ ਪ੍ਰੇਦਸ਼ ਤੋਂ ਪੇਪਰ ਮਿਲ ਲਈ ਰੱਦੀ ਲੈ ਕੇ ਆ ਰਹੇ 2 ਟਰੱਕਾਂ 'ਚ ਲਿਆਂਦੀ ਜਾ ਰਹੀ 90 ਕਿਲੋ ਭੁੱਕੀ ਸਮੇਤ ਦੋਵੇਂ ਗੱਡੀ ਚਾਲਕਾਂ ਨੂੰ ਕਾਬੂ ਕੀਤਾ ਹੈ। ਸੀ. ਆਈ. ਏ. ਸਟਾਫ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਵੱਲੋਂ ਭਾਖੜਾ ਨਹਿਰ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰੱਦੀ ਕਾਗਜ਼ ਨਾਲ ਭਰੀਆਂ 2 ਗੱਡੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਦੌਰਾਨ ਰੱਦੀ ਥੱਲੇ ਛੁਪਾ ਕੇ ਮੱਧ ਪ੍ਰਦੇਸ਼ ਤੋਂ ਲਿਆਂਦੀ ਜਾ ਰਹੀ 90 ਕਿਲੋ ਭੁੱਕੀ ਬਰਾਮਦ ਕੀਤੀ। ਦੋਵਾਂ ਗੱਡੀਆਂ ਦੇ ਚਾਲਕਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੀ ਪਛਾਣ ਜਤਿੰਦਰ ਸਿੰਘ ਵਾਸੀ ਪਿੰਡ ਡੇਰਾ ਕਾਕੜਾ ਅਤੇ ਜਸਵੀਰ ਸਿੰਘ ਵਾਸੀ ਪਿੰਡ ਲਾਲਗੜ੍ਹ ਦੇ ਤੌਰ 'ਤੇ ਕੀਤੀ ਗਈ ਹੈ।

ਪੁਲਸ ਅਧਿਕਾਰੀ ਅਨੁਸਾਰ ਇਕ ਗੱਡੀ 'ਚੋ 15-15 ਕਿਲੋ ਦੇ 2 ਪਲਾਸਿਟਕ ਥੈਲਿਆਂ 'ਚ ਕੁੱਲ 30 ਕਿਲੋ ਭੁੱਕੀ ਅਤੇ ਦੂਜੀ ਗੱਡੀ ਵਿਚੋ 15-15 ਕਿਲੋ ਪੈਕਿੰਗ ਦੇ 4 ਥੈਲੇ ਕੁੱਲ 60 ਕਿਲੋ ਭੁੱਕੀ ਬਰਾਮਦ ਕੀਤੀ ਗਈ। ਗੱਡੀ ਚਾਲਕਾਂ ਨੇ ਦੱਸਿਆ ਕਿ ਦੋਵੇਂ ਗੱਡੀਆਂ ਜ਼ਿਲੇ ਦੀ ਇਕ ਕਾਗਜ਼ ਫੈਕਟਰੀ ਲਈ ਮੱਧ ਪ੍ਰਦੇਸ਼ ਤੋਂ ਕਾਗਜ਼ ਦੀ ਰੱਦੀ ਲੈ ਕੇ ਆ ਰਹੀਆਂ ਸਨ। ਰਸਤੇ ਵਿਚ ਹੀ ਪੰਜਾਬ ਵਿਚ ਵੇਚਣ ਲਈ 90 ਕਿਲੋ ਭੁੱਕੀ ਖਰੀਦ ਕੇ ਰੱਦੀ 'ਚ ਛੁਪਾ ਕੇ ਰੱਖ ਲਈ। ਪੁਲਸ ਵੱਲੋਂ ਹਿਰਾਸਤ ਵਿਚ ਲਏ ਦੋਵੇਂ ਡਰਾਈਵਰ ਗੱਡੀਆਂ ਦੇ ਮਾਲਕ ਹਨ। ਆਪਸ ਵਿਚ ਰਿਸ਼ਤੇਦਾਰ ਹਨ। ਪੁਲਸ ਅਧਿਕਾਰੀ ਨੇ ਦੱਸਿਆਂ ਕਿ ਪੁਲਸ ਪਾਰਟੀ ਵੱਲੋਂ ਕਾਬੂ ਕੀਤੇ ਮੁਲਜ਼ਮ ਨੂੰ ਅਦਾਲਤ 'ਚ ਪੇਸ ਕਰ ਕੇ ਅਗਲੀ ਕਾਰਵਾਈ ਅਤੇ ਜਾਂਚ-ਪੜਤਾਲ ਲਈ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Shyna

This news is Content Editor Shyna