ਪੰਜੋਲੀ ਕਲਾਂ 'ਚ ਪਰਾਲੀ ਨਾ ਸਾੜਨ ਸਬੰਧੀ ਹੋਇਆ 'ਕਿਸਾਨ ਜਾਗਰੂਕਤਾ ਪ੍ਰੋਗਰਾਮ'

10/27/2020 5:43:47 PM

ਫਤਿਹਗੜ੍ਹ ਸਾਹਿਬ (ਬਿਪਨ,ਜਗਦੇਵ): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਇੰਡੀਆ ਪਰਿਆਵਰਨ ਸਹਾਇਕ ਸੰਸਥਾ ਨਾਲ ਮਿਲ ਕੇ ਕਿਸਾਨ ਜਾਗਰੂਕਤਾ ਸਮਾਗਮ ਪੰਜੋਲੀ ਕਲਾਂ ਵਿਖੇ ਬੀਤੇ ਦਿਨੀਂ ਕਰਵਾਇਆ ਗਿਆ ਜਿਸ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਐੱਸ.ਐੱਸ. ਮਰਵਾਹਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਐੱਨ.ਐੱਸ.ਐੱਸ.ਵਲੰਟੀਅਰ ਜਗਜੀਤ ਸਿੰਘ ਪੰਜੋਲੀ ਨੇ ਦੱਸਿਆ ਕਿ ਜਾਗਰੂਕਤਾ ਪ੍ਰੋਗਰਾਮ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਪੰਜੋਲੀ ਕਲਾਂ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਸਰਪ੍ਰਸਤੀ ਅਧੀਨ ਕਰਵਾਇਆ ਗਿਆ।

ਜਿਸ 'ਚ ਮੁੱਖ ਬੁਲਾਰਿਆਂ ਵਜੋਂ ਡਾਕਟਰ ਚਰਨਜੀਤ ਸਿੰਘ ਨਾਭਾ (ਸਾਬਕਾ ਵਿਗਿਆਨਕ ਅਫ਼ਸਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ) ਅਤੇ ਆਈ.ਪੀ.ਐੱਸ ਫਾਊਂਡੇਸ਼ਨ ਦੇ ਮੈਨੇਜਰ ਸ੍ਰੀ ਅਜੇ ਮਲਿਕ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਬੋਲਦਿਆਂ ਆਪਣੀ ਤਕਰੀਰ 'ਚ ਡਾ.ਚਰਨਜੀਤ ਸਿੰਘ ਨੇ ਖੇਤੀ ਦੇ ਵਿਕਾਸ ਦੇ ਪਿਛੋਕੜ 'ਚ ਜਾਂਦਿਆਂ ਦੱਸਿਆ ਕਿ ਕਿਸੇ ਖ਼ਾਸ ਮਕਸਦ ਨਾਲ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ  ਫਸਲਾਂ ਨਾਲੋਂ ਤੋੜ ਕੇ ਦੋ ਫ਼ਸਲੀ ਚੱਕਰ 'ਚ ਫਸਾ ਕੇ ਧਾਨ ਦੀ ਖੇਤੀ ਨੂੰ ਸਾਡੇ ਕਿਸਾਨਾਂ ਤੇ ਥੋਪਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਪੰਜਾਬ ਦੇ ਕਿਸਾਨਾਂ ਨੇ ਭਾਰਤ ਦੀ ਭੁੱਖਮਰੀ ਨੂੰ ਖ਼ਤਮ ਕਰਨ ਅਤੇ ਦੇਸ਼ ਨੂੰ ਅਨਾਜ ਪੱਖੋਂ ਆਤਮ-ਨਿਰਭਰ ਬਣਾਉਣ ਲਈ ਆਪਣੇ ਕੁਦਰਤੀ ਸਰੋਤਾਂ ਪਾਣੀ, ਮਿੱਟੀ ਅਤੇ ਆਬੋ ਹਵਾ ਨੂੰ ਦਾਅ 'ਤੇ ਲਗਾਇਆ।ਉਨ੍ਹਾਂ ਦੱਸਿਆ ਕਿ ਬੇਸ਼ੱਕ ਝੋਨਾ ਸਾਡੀ ਆਪਣੀ ਫ਼ਸਲ ਨਹੀਂ ਪਰ ਫਿਰ ਵੀ ਸਾਡੇ 'ਤੇ ਥੋਪੀ ਗਈ। ਇਸ ਫ਼ਸਲ ਨੂੰ ਪੂਰੇ ਦੇਸ਼ ਲਈ ਉਤਪਾਦਨ ਕਰਵਾਇਆ ਤੇ ਸਾਡੇ ਪੱਲੇ ਸਿਰਫ਼ 190 ਲੱਖ ਟਨ ਪਰਾਲੀ ਹੀ ਪਈ।

ਕਿਸਾਨ ਲਈ ਇਸ ਪਰਾਲੀ ਦੇ ਯੋਗ ਅਤੇ ਵਿਗਿਆਨਕ ਨਿਪਟਾਰੇ ਦੇ ਹੱਲ ਵਜੋਂ ਲੰਮੇ ਸਮੇਂ ਤਕ ਪੀ.ਏ.ਯੂ.ਨੇ ਵੀ ਕੋਈ ਬਦਲ ਪੇਸ਼ ਨਹੀਂ ਕੀਤਾ ਅਤੇ ਹੁਣ ਵੀ ਜੋ ਬਦਲ ਪੇਸ਼ ਕੀਤੇ ਜਾ ਰਹੇ ਹਨ ਉਹ ਵੀ ਵੱਡੀ ਮਾਤਰਾ 'ਚ ਪੈਦਾ ਹੋ ਰਹੀ ਪਰਾਲੀ ਦਾ ਯੋਗ ਹੱਲ ਨਹੀਂ ਹਨ।ਡਾ.ਸਿੰਘ ਨੇ ਪਰਾਲੀ ਦੇ ਯੋਗ ਨਿਪਟਾਰੇ ਲਈ ਗੁਜਰਾਤ ਖੇਤੀਵਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਐੱਮ.ਐੱਸ. ਮਹਿਤਾ ਦੁਬਾਰਾ ਵਿਕਸਿਤ ਬੈਕਟੀਰੀਆ ਅਤੇ ਉੱਲੀ ਦੇ ਮਿਸ਼ਰਣ ਨੂੰ ਵਾਜਬ ਦੱਸਦਿਆਂ ਕਿਹਾ ਕਿ ਇਸ ਦੇ ਛਿੜਕਾਅ ਨਾਲ ਪਰਾਲੀ ਦਾ ਗਲਣਾ ਤੁਰੰਤ ਸ਼ੁਰੂ ਹੋ ਜਾਂਦਾ ਹੈ ਅਤੇ 20 ਤੋਂ 30 ਦਿਨਾਂ ਵਿਚਕਾਰ ਇਹ ਪੂਰੀ ਤਰ੍ਹਾਂ ਗਲ ਜਾਂਦੀ ਹੈ।ਇਸ ਦਾ ਛਿੜਕਾਅ ਕਰਨ ਤੋਂ ਬਾਅਦ ਕਿਸਾਨ ਆਪਣੇ ਮੁਤਾਬਕ ਖੇਤ ਵਿਚ ਬੋਅ-ਬੀਜ ਸਕਦੇ ਹਨ।ਇਹ ਮਿਸ਼ਰਣ ਪ੍ਰਤੀ ਏਕੜ 4 ਲੀਟਰ ਜਿਸ ਨੂੰ ਲਗਭਗ 200 ਲਿਟਰ ਪਾਣੀ 'ਚ ਮਿਲਾ ਕੇ ਸਪਰੇਅ ਕੀਤੀ ਜਾਂਦੀ ਹੈ।
ਆਈ.ਪੀ.ਐੱਸ. ਫਾਊਂਡੇਸ਼ਨ ਦੇ ਮੈਨੇਜਰ ਅਜੇ ਮਲਿਕ ਨੇ ਪਿਛਲੇ ਸਮੇਂ ਦੌਰਾਨ ਇਸ ਮਿਸ਼ਰਣ ਦੀ ਵਰਤੋਂ ਅਤੇ ਨਤੀਜਿਆਂ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਮਿਸ਼ਰਣ ਪੂਰੀ ਤਰ੍ਹਾਂ ਜੈਵਿਕ ਹੈ ਅਤੇ ਇਸ 'ਚ ਕੋਈ ਵੀ ਰਸਾਇਣਕ ਪਦਾਰਥ ਨਹੀਂ ਮਿਲਿਆ ਹੋਇਆ।ਇਹ ਮਿਸ਼ਰਣ ਪੂਰੀ ਤਰ੍ਹਾਂ ਵਾਤਾਵਰਨ ਪੱਖੀ ਅਤੇ ਜ਼ਹਿਰਹੀਣ ਹੈ ਜੋ ਆਪਣੀ ਕਾਰਵਾਈ ਤੁਰੰਤ ਸ਼ੁਰੂ ਕਰ ਦਿੰਦਾ ਹੈ ਪਰ ਇਸਦਾ ਖੜ੍ਹੀ ਫਸਲ ਤੇ ਕੋਈ ਅਸਰ ਨਹੀਂ ਹੁੰਦਾ।

PunjabKesari

ਇਸ ਜਾਗਰੂਕਤਾ ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਐੱਨ.ਐੱਸ.ਐੱਸ.ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਆਰਡੀਨੇਟਰ ਪ੍ਰੋਫੈਸਰ ਪਰਮਵੀਰ ਸਿੰਘ ਹੁਰਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਐੱਨ.ਐੱਸ.ਐੱਸ.ਵਲੰਟੀਅਰਾਂ ਦੇ ਸਹਿਯੋਗ ਨਾਲ ਸੰਨ 2018-19 ਚ ਚਲਾਈ ਜਾਗਰੂਕਤਾ ਮੁਹਿੰਮ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੰਨ 2018 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਕਰੀਬਨ 30,000 ਹਜ਼ਾਰ ਵਲੰਟੀਅਰਾਂ ਨੇ ਪੰਜਾਬ ਦੇ ਮਾਲਵਾ ਖਿੱਤੇ ਦੇ ਤਕਰੀਬਨ 6000 ਹਜ਼ਾਰ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰੇਰਿਆ ਜਿਸ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ 'ਚ ਗੁਣਾਤਮਿਕ ਕਮੀ ਆਈ।ਪਿਛਲੇ ਸਾਲ ਪੰਜਾਬ ਦੀਆਂ ਪੰਜ ਸਰਕਾਰੀ ਯੂਨੀਵਰਸਿਟੀਆਂ ਦੇ ਤਕਰੀਬਨ ਸਵਾ ਲੱਖ ਵਲੰਟੀਅਰਾਂ ਨੇ ਪੰਜਾਬ ਦੇ ਸਾਰੇ ਪਿੰਡਾਂ 'ਚ ਦਸਤਕ ਦਿੱਤੀ, ਜਿਸ ਕਾਰਨ ਅੱਗ ਅਧੀਨ ਆਏ ਖੇਤਰਾਂ 'ਚ ਗੁਣਾਤਮਕ ਅਤੇ ਸ਼ਲਾਘਾਯੋਗ ਕਮੀ ਆਈ। 

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਅਤੇ ਸਮਾਗਮ ਦੇ ਮੁੱਖ ਮਹਿਮਾਨ ਪ੍ਰੋਫੈਸਰ ਐੱਸ.ਐੱਸ. ਮਰਵਾਹਾ ਨੇ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਕਿਸਾਨਾਂ ਦੀ ਹਰ ਵਖ਼ਤ ਇਹ ਮੰਗ ਰਹੀ ਹੈ ਕਿ ਪਰਾਲੀ ਦੇ ਨਿਪਟਾਰੇ ਦਾ ਯੋਗ ਹੱਲ ਕੀ ਹੈ? ਅਤੇ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਰਾਲੀ ਦੇ ਵਿਗਿਆਨਕ ਨਿਪਟਾਰੇ ਦਾ ਯੋਗ ਹੱਲ ਲੈ ਕੇ ਤੁਹਾਡੇ ਕੋਲ ਪਹੁੰਚਿਆ ਹੈ ਅਤੇ ਇਸ ਵਿਗਿਆਨਕ ਮਿਸ਼ਰਣ ਦਾ ਤਕਰੀਬਨ 350 ਏਕੜ ਰਕਬੇ 'ਚ ਤਜ਼ਰਬਾ ਕੀਤਾ ਜਾ ਰਿਹਾ ਹੈ ਜਿਸ ਦਾ ਸਾਰਾ ਖ਼ਰਚਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੀਤਾ ਜਾਵੇਗਾ।ਅੱਗੇ ਪ੍ਰੋਫੈਸਰ ਮਰਵਾਹਾ ਨੇ ਮੌਜੂਦਾ ਸਿਸਟਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਹੁਣ ਕੁਆਪਰੇਟਿਵ ਫਾਰਮਿੰਗ (ਸਹਿਕਾਰੀ ਖੇਤੀ) ਵੱਲ ਮੋੜਾ ਕੱਟ ਕੇ ਆਪਣੇ ਖਰਚੇ ਘਟਾਉਣੇ ਚਾਹੀਦੇ ਹਨ ਨਹੀਂ ਤਾਂ ਕਾਰਪੋਰੇਟ ਸੈਕਟਰ ਤੁਹਾਡੇ ਉਪਰ ਪਹਿਲਾਂ ਹੀ ਚੜ੍ਹ ਬੈਠਣ ਨੂੰ ਤਿਆਰ ਹਨ।ਇਸ ਮਿਸ਼ਰਨ ਦੀ ਵਰਤੋਂ ਨਾਲ ਜਿੱਥੇ ਪੰਜਾਬ ਦੀ ਮਿੱਟੀ 'ਚ ਗੁਣਾਤਮਕ ਸੁਧਾਰ ਆਵੇਗਾ ਉੱਥੇ ਪਰਾਲੀ ਤੇ ਮਿੱਟੀ 'ਚ ਗਲਣ ਨਾਲ ਖਾਦਾਂ ਆਦਿ ਦਾ ਖ਼ਰਚਾ ਵੀ ਲਗਾਤਾਰ ਸਾਲ ਦਰ ਸਾਲ ਘਟਨਾ ਸ਼ੁਰੂ ਹੋਵੇਗਾ ਜਿਸ ਨਾਲ ਕਿਸਾਨ ਦੀ ਆਰਥਿਕ ਖ਼ੁਸ਼ਹਾਲੀ ਦਾ ਮੁੱਢ ਬੱਝੇਗਾ। 

ਇਸ ਜਾਗਰੂਕਤਾ ਸਮਾਗਮ ਦੌਰਾਨ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਿੱਥੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਪੰਜੋਲੀ ਕਲਾਂ ਪਿੰਡ ਦਾ ਇਤਿਹਾਸ ਅਤੇ ਕੀਤੀ ਗਈ ਤਰੱਕੀ ਦਾ ਉਚੇਚਾ ਵਰਨਣ ਕੀਤਾ ਗਿਆ ਉੱਥੇ ਹੀ ਉਨ੍ਹਾਂ ਨੇ ਆਏ ਮਹਿਮਾਨਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਪੰਜੋਲੀ ਕਲਾਂ ਅਤੇ ਆਲੇ-ਦੁਆਲੇ ਦੇ ਖ਼ੇਤਰ ਦੇ ਕਿਸਾਨ ਇਸ ਵਿਗਿਆਨਕ ਬਦਲ ਨੂੰ ਆਪਣਾ ਕੇ ਪੰਜਾਬ ਲਈ ਇਕ ਰੋਲ ਮਾਡਲ ਬਣਨਗੇ। ਉੱਥੇ ਹੀ ਉਨ੍ਹਾਂ ਨੇ ਮੌਜੂਦਾ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਦੋ ਫ਼ਸਲੀ ਚੱਕਰ ਚੋਂ ਕੱਢ ਕੇ ਉਨ੍ਹਾਂ ਦੀ ਯੋਗ ਅਗਵਾਈ ਕਰਨ ਲਈ ਕਾਰਗਰ ਭੂਮਿਕਾ ਨਿਭਾਉਣ।ਇਸ ਮੌਕੇ ਮਾਤਾ ਗੁਜਰੀ ਕਾਲਜ ਤੋਂ ਪ੍ਰੋਫ਼ੈਸਰ ਬੀਰਇੰਦਰ ਸਿੰਘ, ਦਰਵਾਰਾ ਸਿੰਘ ਪੰਜੋਲਾ, ਨਿਰਮਲ ਸਿੰਘ ਤੇਜੇ ਤੇ ਕਿਸਾਨ ਆਗੂ ਅਵਤਾਰ ਸਿੰਘ ਚਲੈਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਪ੍ਰਿੰਸੀਪਲ ਬਲਜੀਤ ਸਿੰਘ, ਲੈਕਚਰਾਰ ਮੈਡਮ ਬਲਵਿੰਦਰ ਕੌਰ, ਗੁਰਦੁਵਾਰਾ ਸ੍ਰੀ ਖਾਲਸਾ ਦਰਬਾਰ ਦੇ ਪ੍ਰਧਾਨ ਨੰਬਰਦਾਰ ਸੁਖਦੇਵ ਸਿੰਘ ਤੋਂ ਇਲਾਵਾ ਇਲਾਕੇ ਭਰ ਦੇ ਸੂਝਵਾਨ ਕਿਸਾਨ, ਨੌਜਵਾਨ ਅਤੇ ਕਲੱਬ ਮੈਂਬਰ ਵੱਡੀ ਗਿਣਤੀ ਚ ਹਾਜ਼ਰ ਸਨ।


Shyna

Content Editor

Related News