ਸਾਂਭ-ਸੰਭਾਲ ਨਾ ਹੋਣ ਕਾਰਣ ਪੰਡਿਤ ਜਵਾਹਰ ਲਾਲ ਨਹਿਰੂ ਦੀ ਕੈਦਗਹ ਨੇ ਹੁਣ ਮਲਬੇ ਦਾ ਰੂਪ ਕੀਤਾ ਧਾਰਨ

11/15/2020 12:22:18 PM

ਜੈਤੋ (ਜਿੰਦਲ): ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ,ਦੀ ਪਹਿਲੀ ਜੈਤੋ ਫੇਰੀ ਮੌਕੇ ਜਦੋਂ 1923 ਵਿਚ ਉਹ ਜੈਤੋ ਪਹੁੰਚੇ ਸਨ,ਤਦ ਇਥੇ ਪਹੁੰਚਣ 'ਤੇ ਅੰਗਰੇਜ ਸਰਕਾਰ ਦੇ ਸਿਪਾਹੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਅਤੇ ਉਨ੍ਹਾਂ ਦੇ ਹੱਥਕੜੀਆਂ ਲਗਾ ਕੇ ਇਕ ਪੁਰਾਣੇ ਕਿਲੇ ਵਿਚ ਬਣੀ ਹੋਈ (ਕੈਦਗਹ) ਕਾਲ ਕੋਠੜੀ 'ਚ ਬੰਦ ਕਰ ਦਿੱਤਾ ਗਿਆ ਸੀ ਤਦ ਅੰਗਰੇਜ਼ੀ ਹਕੂਮਤ ਦੇ ਪੰਡਤ ਜਵਾਹਰ ਲਾਲ ਨਹਿਰੂ ਤੇ ਫ਼ੌਜਦਾਰੀ ਦਾ ਕੇਸ ਦਰਜ ਕਰ ਦਿੱਤਾ ਗਿਆ ਸੀ। ਉਨ੍ਹਾਂ 'ਤੇ ਦਰਜ ਕੀਤੇ ਗਏ ਕੇਸ ਦੀ ਐੱਫ. ਆਈ. ਆਰ. ਦੀ ਕਾਪੀ ਅਜੇ ਵੀ ਥਾਣਾ ਜੈਤੋ ਵਿਖੇ ਮੌਜੂਦ ਹੈ।

ਵਰਣਨਯੋਗ ਗੱਲ ਇਹ ਹੈ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਪਹਿਲੀ ਜੇਲ ਯਾਤਰਾ ਜੈਤੋ ਤੋਂ ਅਰੰਭ ਹੋਈ ਸੀ। ਬਾਅਦ ਵਿਚ ਇਨ੍ਹਾਂ ਨੂੰ ਨਾਭਾ ਵਿਖੇ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਗੱਲ ਇਹ ਹੈ ਕਿ ਉਸ ਸਮੇਂ ਰਿਆਸਤ ਨਾਭਾ ਦੇ ਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਨੇ ਜ਼ਬਰਦਸਤੀ ਉਤਾਰ ਦਿੱਤਾ ਸੀ ਜਿਸ ਦੇ ਵਿਰੋਧ ਵਜੋਂ ਜੋਰਦਾਰ ਸੰਘਰਸ਼ ਆਰੰਭਿਆ ਹੋਇਆ ਸੀ,ਇਸ ਮੋਰਚੇ ਨੇ ਉਸ ਸਮੇਂ ਹੋਰ ਜ਼ੋਰ ਫੜ੍ਹ ਲਿਆ, ਜਦ ਅੰਗਰੇਜ਼ਾਂ ਨੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਸੀ। ਉਸ ਸਮੇਂ ਕਾਂਗਰਸ ਦੇ ਉੱਘੇ ਨੇਤਾ ਪੰਡਿਤ ਜਵਾਹਰ ਲਾਲ ਨਹਿਰੂ,ਇਥੋਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਪਹੁੰਚੇ ਸਨ।

ਇਸ ਕਾਲ ਕੋਠੜੀ (ਨਹਿਰੂ ਕੈਦਗਹ) ਨੂੰ 'ਨਹਿਰੂ ਦੀ ਯਾਦਗਾਰ' ਵਜੋ ਸੰਭਾਲ ਕੇ ਰੱਖਣ ਦੇ ਮਕਸਦ ਨਾਲ ਇਸ ਕਾਲ ਕੋਠੜੀ ਨੂੰ 'ਪੰਜਾਬ ਸਰਕਾਰ ਦੇ ਪ੍ਰਾਚੀਨ ਤੇ ਇਤਿਹਾਸਕ ਸਮਾਰਕਾਂ ਅਤੇ ਪੁਰਾਤਨ ਸਥਾਨਾਂ 'ਤੇ ਅਵਸ਼ੇਸ਼ਾਂ ਨਾਲ ਸਬੰਧਤ ਸੰਨ 1964 ਦੇ ਐਕਟ ਅਧੀਨ ਸੁਰੱਖਿਅਤ ਰੱਖਿਆ ਗਿਆ ਸੀ' ਪਰ, ਇਸ ਵਿਭਾਗ ਵੱਲੋਂ ਇਸ ਦੀ ਸਹੀ ਢੰਗ ਨਾਲ ਇਸਦੀ ਸਾਂਭ-ਸੰਭਾਲ ਨਾ ਕਿਤੇ ਜਾਣ ਕਾਰਣ ਹੁਣ ਇਹ ਕੈਦਗਹ, ਢਹਿ ਢੇਰੀ ਹੋ ਗਈ ਹੈ ਅਤੇ ਹੁਣ ਇਸਨੇ ਮਲਵੇ ਦਾ ਰੂਪ ਧਾਰਨ ਕਰ ਲਿਆ ਹੈ।

ਵਰਨਣਯੋਗ ਗੱਲ ਇਹ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵ.ਰਾਜੀਵ ਗਾਂਧੀ ਅਤੇ ਮੌਜੂਦਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਨੇਤਾ ਰਾਹੁਲ ਗਾਂਧੀ,ਵੀ ਆਪਣੀ ਜੈਤੋ ਫੇਰੀ ਦੌਰਾਨ,ਇਸ ਪੰਡਿਤ ਨਹਿਰੂ ਜੀ ਦੀ ਕੈਦਗਹ (ਕਾਲ ਕੋਠੜੀ) ਨੂੰ ਵੇਖਣ ਲਈ ਵਿਸ਼ੇਸ਼ ਤੌਰ 'ਤੇ ਇਸ ਕਿਲੇ ਵਿਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਵੱਲੋਂ ਇਸ ਥਾਂ 'ਤੇ ਉਨ੍ਹਾਂ ਦੀ ਯਾਦ ਵਿਚ ਇਕ ਢੁੱਕਵੀਂ ਯਾਦਗਾਰ ਬਣਾਉਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਇਸ ਥਾਂ 'ਤੇ ਢੁੱਕਵੀਂ ਯਾਦਗਾਰ ਬਣਾਉਣ ਲਈ ਸੋਚ-ਵਿਚਾਰ ਕੀਤੀ ਗਈ। ਕੁਝ ਸਮਾਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਆਏ ਸਨ ਉਨ੍ਹਾਂ ਨੇ ਵੀ ਇਥੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੈਤੋ ਵਿਖੇ,ਨਹਿਰੂ ਦੀ ਇਕ ਯਾਦਗਾਰ ਬਣਾਉਣ ਦਾ ਇਕ ਤੋਹਫਾ ਦਿੱਤਾ ਜਾ ਰਿਹਾ ਹੈ। ਇਸ 'ਤੇ 50 ਲੱਖ ਰੁਪਏ ਖਰਚ ਕੀਤੇ ਜਾਣਗੇ।

ਜਦ ਸ੍ਰੀ ਨਵਜੋਤ ਸਿੱਧੂ ਨੇ ਇਸ ਥਾਂ 'ਤੇ ਨਹਿਰੂ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਲੋਕਾਂ ਵੱਲੋਂ ਲਗਾਤਾਰ ਦੋ ਮਿੰਟ ਤਕ ਤਲੀਆਂ ਵਜ੍ਹਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ ਪਰ ਅੱਜੇ ਤੱਕ ਇਸ ਅਸਥਾਨ 'ਤੇ ਕੋਈ ਵੀ ਨਹਿਰੂ ਯਾਦਗਾਰ ਨਹੀਂ ਬਣਾਈ ਗਈ, ਬਲਕਿ ਹੁਣ ਉਨ੍ਹਾਂ ਨੂੰ ਕੈਦ ਕੀਤੇ ਜਾਣ ਵਾਲੀ ਕਾਲ ਕੋਠੜੀ ਵੀ ਢਹਿ-ਢੇਰੀ ਹੋ ਗਈ। ਜਿਸਨੇ ਹੁਣ ਖੰਡਰ ਦਾ ਰੂਪ ਧਾਰਨ ਕਰ ਲਿਆ ਹੈ। ਇਸ ਢਹਿ -ਢੇਰੀ ਹੋਈ ਕੋਠੜੀ ਦਾ ਮੁਆਇੰਨਾ ਕਰਨ ਲਈ ਜ਼ਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਮੁਆਾਂਨਾ ਕੀਤਾ ਗਿਆ। ਇਲਾਕੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਨੂੰ ਵੇਖਦੇ ਹੋਏ,ਹਲਕਾ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੱਲੋਂ ਵੀ ਇਸ ਥਾਂ 'ਤੇ 'ਪੰਡਤ ਜਵਾਹਰ ਲਾਲ ਨਹਿਰੂ ਜੀ ਦੀ ਯਾਦਗਰ' ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
 

ਇਲਾਕੇ ਦੇ ਜਨਾਬ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ, ਉੱਘੇ ਕਾਂਗਰਸੀ ਨੇਤਾ, ਸੂਰਜ ਭਾਰਦਵਾਜ,ਰਾਜਾ ਭਾਰਦਵਾਜ, ਜਾਵੈਦ ਅਖ਼ਤਰ, ਸੱਤਪਾਲ ਡੋਡ, ਪਵਨ ਗੋਇਲ, ਪਰਦੀਪ ਗਰਗ,ਜੀਤੂ ਬਾਂਸਲ, ਸਵਰਨ ਸਿੰਘ, ਸਕੰਦਰ ਮੜ੍ਹਾਕ, ਸੂਬਾ ਸਿੰਘ ਬਾਦਲ ਹਲਕਾ ਦਾ ਅਰਥ ਸ਼੍ਰੋਮਣੀ ਅਕਾਲੀ ਦਲ, ਜੈਤੋ, ਸੱਤ ਪਾਲ ਜਿੰਦਲ, ਸੁਖਵਿੰਦਰ ਗਰਗ(ਬੀ. ਐੱਸ. ਐੱਨ. ਐੱਲ.),ਭੀਮ ਜਿੰਦਲ,ਮਦਨ ਬਾਂਸਲ ਐਡਵੋਕੇਟ, ਸੂਬਾ ਸਿੰਘ ਬਾਦਲ,ਰਾਜੇਸ਼ ਜਿੰਦਲ,ਅਸ਼ਵਨੀ ਗਰਗ,ਰਾਜ ਕੁਮਾਰ 'ਜਯੋਤੀ ਬਾਂਸਲ', ਸ਼ੈਲੀ ਗਰਗ, ਜਗਦੀਸ਼ ਘਣੀਆ, ਰਣਬੀਰ ਪੰਵਾਰ, ਨਰੇਸ਼ ਜਿੰਦਲ ਸੰਤ ਬਾਬਾ ਰਿਸ਼ੀ ਰਾਮ ਜੀ, ਰਾਮ ਰਾਜ ਕਟਾਰੀਆ, ਰਾਕੇਸ਼ ਰੋਮਾਣਾ, ਵਿਸ਼ਾਲ ਡੋਡ, ਸਨੇਹ ਬਾਂਸਲ, ਨਰੇਸ਼ ਮਿੱਤਲ, ਮੁਕੇਸ਼ ਗੋਇਲ, ਮਨੂੰ ਗੋਇਲ, ਦੀਪਕ ਗਰਗ, ਭੂਸ਼ਨ ਰੋਮਾਣਾ, ਛੱਜੂ ਰਾਮ ਬਾਂਸਲ ਅਤੇ ਤਰਸੇਮ ਨਰੂਲਾ ਆਦਿ ਵੱਲੋਂ ਵੀ ਪੁਰਜੋਰ ਮੰਗ ਕੀਤੀ ਗਈ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਦੀ ਇਸ ਥਾਂ 'ਤੇ ਇਕ ਖੂਬਸੂਰਤ ਯਾਦਗਾਰ ਬਣਾਈ ਜਾਵੇ।


Shyna

Content Editor

Related News