ਪਿੰਡ ਬੀਰੋਕੇ ਕਲਾਂ ਵਿਖੇ ਪੰਚਾਇਤ ਵੱਲੋਂ ਆਰਜੀ ਨਜਾਇਜ ਕਬਜਿਆਂ ਨੂੰ ਦੂਰ ਕਰਨ ਦੀ ਮੁੰਹਿਮ ਵਿੱਢੀ ਗਈ

09/28/2020 2:12:56 AM

ਬੁਢਲਾਡਾ(ਮਨਜੀਤ)- ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਜਾਇਜ ਕਬਜਿਆਂ ਅਤੇ ਆਰਜੀ ਕਬਜਿਆਂ ਨੂੰ ਹਟਾਉਣ ਲਈ ਐੱਸ.ਡੀ.ਐੱਮ ਬੁਢਲਾਡਾ ਸਾਗਰ ਸੇਤੀਆ ਵੱਲੋਂ ਮੁੰਹਿਮ ਵਿੱਢੀ ਹੋਈ ਹੈ। ਉਸੇ ਹੀ ਕੜੀ ਨੂੰ ਅੱਗੇ ਤੋਰਦੇ ਹੋਏ ਪਿੰਡ ਬੀਰੋਕੇ ਕਲਾਂ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ ਨੇ ਹਲਕੇ ਵਿੱਚੋਂ ਨਜਾਇਜ ਕਬਜੇ ਹਟਾਉਣ ਦੀ ਪਹਿਲ ਕੀਤੀ ਹੈ। ਸਰਪੰਚ ਵੱਲੋਂ ਪਹਿਲਾਂ ਤਾਂ ਪਿੰਡ ਵਿੱਚ ਲਗਾਤਾਰ ਸਪੀਕਰ ਰਾਹੀਂ ਅਨਾਉਸਮੈਂਟ ਕੀਤੀ ਗਈ। ਪਿੰਡ ਦੀ ਫਿਰਨੀ ਤੇ ਲੱਗੀਆਂ ਰੂੜੀਆਂ ਨੂੰ ਹਟਾਇਆ ਜਾਵੇ ਅਤੇ ਪਿੰਡ ਵਿੱਚ ਆਰਜੀ ਕਬਜਿਆਂ ਨੂੰ ਹਟਾਇਆ ਜਾਵੇ। ਉਸ ਤੋਂ ਬਾਅਦ ਸਰਪੰਚ ਐਡਵੋਕੇਟ ਗੁਰਵਿੰਦਰ ਸਿੰਘ ਅਤੇ ਪੂਰੀ ਪੰਚਾਇਤ ਵੱਲੋਂ ਜੇ.ਸੀ.ਬੀ ਮਸ਼ੀਨ ਨਾਲ ਪਿੰਡ ਦੀ ਸਹਿਮਤੀ ਨਾਲ ਆਰਜੀ ਕਬਜੇ ਲਗਾਤਾਰ ਦੂਰ ਕੀਤੇ ਜਾ ਰਹੇ ਹਨ। ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚੋਂ ਸੜਕ ਦੇ ਕਿਨਾਰੇ ਸਰਕਾਰੀ ਜਗ੍ਹਾ ਤੋਂ ਨਜਾਇਜ ਕਬਜੇ ਹਟਾਏ ਜਾ ਰਹੇ ਹਨ ਅਤੇ ਪਿੰਡ ਵਿੱਚ ਜੋ ਵੀ ਰੂੜੀਆਂ ਸੜਕਾਂ ਦੇ ਕਿਨਾਰੇ ਲੱਗੀਆਂ ਹਨ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਜੋ ਆਉਣ ਜਾਣ ਵਾਲੀ ਟ੍ਰੈੁਫਿਕ ਨੂੰ ਕੋਈ ਡਿੱਕਤ ਨਾ ਆਵੇ। ਸਰਪੰਚ ਨੇ ਇਹ ਵੀ ਦੱਸਿਆ ਕਿ ਪੰਚਾਇਤ ਕੋਲ ਕੋਈ ਵੀ ਆਮਦਨ ਦਾ ਸਾਧਨ ਨਹੀਂ। ਫਿਰ ਵੀ ਪੰਚਾਇਤ ਵੱਲੋਂ ਲੋੜੀਂਦੇ ਵਿਕਾਸ ਕੰਮ ਮਨਰੇਗਾ ਸਕੀਮ ਅਧੀਨ ਹੀ ਕਰਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਸਮਾਰਟ ਬਣਾ ਕੇ ਏ.ਸੀ ਲਗਾਉਣ ਦਾ ਕੰਮ ਆਰੰਭਿਆ ਜਾ ਰਿਹਾ ਹੈ। ਸਰਪੰਚ ਨੇ ਕਿਹਾ ਕਿ ਉਹ ਪਿੰਡ ਨੂੰ ਜਿਲ੍ਹੇ ਵਿੱਚੋਂ ਸੋਹਣਾ ਬਣਾਉਣਾ ਚਾਹੁੰਦਾ ਹੈ ਤੇ ਪਿੰਡ ਨੂੰ ਲੋੜੀਂਦੀ ਗ੍ਰਾਂਟ ਸਰਕਾਰ ਵੱਲੋਂ ਦਿੱਤੀ ਜਾਵੇ ਤਾਂ ਜੋ ਇਸ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇ। ਇਸ ਮੌਕੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ, ਅਮਨਦੀਪ ਸਿੰਘ ਸੀਪਾ, ਜਗਸੀਰ ਸਿੰਘ, ਭਗਵਾਨ ਸਿੰਘ, ਚਰਨਾ ਸਿੰਘ, ਗੁਰਮੀਤ ਸਿੰਘ ਮੀਤਾ ਤੋਂ ਇਲਾਵਾ ਹੋਰ ਵੀ ਪੰਚਾਇਤੀ ਨੁਮਾਇੰਦੇ ਮੌਜੂਦ ਸਨ। 

Bharat Thapa

This news is Content Editor Bharat Thapa