ਹੁਣ ਪਾਕਿ ਨਾਲ ਸਮਾਂ ਗੱਲਬਾਤ ਦਾ ਨਹੀਂ ਬਲਕਿ ‘ਐਕਸ਼ਨ’ ਦਾ : ਸੁਖਬੀਰ

02/17/2019 12:49:32 AM

ਮੋਗਾ, (ਗੋਪੀ ਰਾਊਕੇ)- ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਹੋਈ ਅੱਤਵਾਦੀ ਘਟਨਾ ਨੇ ਦੇਸ਼ ਦੇ ਹਰ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ ਅਤੇ ਅਜਿਹੀ ਨਾਪਾਕ ਤੇ ਘਟੀਆ ਸਾਜ਼ਿਸ਼ ਕਰ ਕੇ ਪਾਕਿਸਤਾਨ ਨੇ 'ਪਾਣੀ ਸਿਰ ਉੱਤੋਂ ਲੰਘਾ' ਦਿੱਤਾ ਹੈ ਅਤੇ ਪਾਕਿਸਤਾਨ ਨੂੰ ਇਸ ਦਾ ਮੂੰਹ-ਤੋੜ ਜੁਆਬ ਦੇਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਪਾਕਿਸਤਾਨ ਨੇ ਜੋ ਹਰਕਤ ਕੀਤੀ ਹੈ ਇਹ ਹੁਣ ਸਮਾਂ ਗੱਲਬਾਤ ਦਾ ਨਹੀਂ ਬਲਕਿ 'ਐਕਸ਼ਨ' ਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋਗਾ ਵਿਖੇ ਹਲਕਾ ਮੋਗਾ ਅਤੇ ਧਰਮਕੋਟ ਦੇ ਵਰਕਰਾਂ ਨਾਲ 'ਸਿੱਧੀ ਮੁਲਾਕਾਤ' ਕਰਨ ਲਈ ਰੱਖੇ ਮਿਲਣੀ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ, ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਵੀ ਵਿਸ਼ੇਸ਼ ਤੌਰ 'ਤੇ ਪੁੱਜੇ। ਸੁਖਬੀਰ ਸਿੰਘ ਨੇ ਕਿਹਾ ਕਿ ਜਿੱਥੇ ਅੱਜ ਦੇਸ਼ ਦਾ ਹਰ ਇਕ ਨਾਗਰਿਕ ਪਾਕਿਸਤਾਨ ਖਿਲਾਫ ਆਵਾਜ਼ ਚੁੱਕ ਰਿਹਾ ਹੈ, ਉੱਥੇ ਹੀ ਉਨ੍ਹਾਂ ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ  ਗਏ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਵਾਮਾ ਵਿਖੇ ਹੋਇਆ ਹਮਲਾ ਪਾਕਿਸਤਾਨੀ ਹਕੂਮਤ ਦੇ ਇਸ਼ਾਰੇ 'ਤੇ ਹੀ ਹੋਇਆ ਹੈ ਅਤੇ ਅਜਿਹਾ ਕਰ ਕੇ ਪਾਕਿਸਤਾਨ ਨੇ ਇਕ ਵਾਰ ਫਿਰ ਆਪਣੀ ਘਟੀਆ ਸੋਚ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਦਾ ਦੋਗਲਾਪਨ ਵੀ 'ਜਗ ਜ਼ਾਹਿਰ ਹੋਇਆ ਹੈ ਅਤੇ ਪਾਕਿਸਤਾਨ ਨੂੰ ਇਸ ਘਟੀਆ ਹਰਕਤ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਉਨ੍ਹਾਂ ਅੰਤ 'ਚ ਲੋਕਾਂ  ਨੂੰ ਅਮਨ-ਸ਼ਾਂਤੀ ਬਣਾਏ ਰੱਖ ਕੇ ਸ਼ਹੀਦ ਹੋਏ ਸੈਨਿਕਾਂ ਲਈ ਦੁਆ ਕਰਨ ਦੀ ਅਪੀਲ ਕੀਤੀ।


KamalJeet Singh

Content Editor

Related News