ਬੇਮੌਸਮੀ ਬਾਰਿਸ਼ ਕਾਰਨ ਖੇਤਾਂ ਤੇ ਮੰਡੀਆਂ ’ਚ ਪਈ ਝੋਨੇ ਦੀ ਫਸਲ ਹੋਈ ਬਰਬਾਦ

10/24/2021 4:52:37 PM

ਭਾਦਸੋਂ (ਅਵਤਾਰ)-ਅੱਜ ਤੜਕਸਾਰ ਹੋਈ ਬੇਮੌਸਮੀ ਬਾਰਿਸ਼ ਨੇ ਜਿੱਥੇ ਖੇਤਾਂ ’ਚ ਖੜ੍ਹੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ, ਉਥੇ ਮੰਡੀਆਂ ’ਚ ਪਈਆਂ ਫਸਲਾਂ ਦਾ ਵੀ ਬਰਸਾਤੀ ਪਾਣੀ ਨੇ ਕਾਫੀ ਨੁਕਸਾਨ ਕੀਤਾ ਹੈ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ’ਚ ਫਸਲਾਂ ਦੀ ਖਰੀਦ ਦੇ ਸੁਚੱਜੇ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੰਡੀਆਂ ’ਚ ਕਿਸਾਨਾਂ ਦੀਆਂ ਭਿੱਜੀਆਂ ਫਸਲਾਂ ਨੇ ਸਰਕਾਰ ਦੇ ਇਨ੍ਹਾਂ ਦਾਅਵਿਆਂ ’ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਮੰਡੀਆਂ ’ਚ ਬਣਾਏ ਗਏ ਸ਼ੈੱਡ ਨਾਮਾਤਰ ਸਮਰੱਥਾ ਵਾਲੇ ਹਨ, ਜਿਸ ਨਾਲ ਫਸਲਾਂ ਦੀ ਸਾਂਭ-ਸੰਭਾਲ ਕਰਨੀ ਮੁਸ਼ਕਿਲ ਹੈ। ਅਚਨਚੇਤ ਹੋਈ ਇਸ ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਮੰਡੀਆਂ ’ਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਕਿਸਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਧਰਨੇ ’ਤੇ ਬੈਠੇ ਹਨ, ਦੂਜੇ ਪਾਸੇ ਡੀਜ਼ਲ ਦੀਆਂ ਕੀਮਤਾਂ ਆਸਮਾਨੀ ਛੂਹ ਰਹੀਆਂ ਹਨ, ਜਿਸ ਕਾਰਨ ਮਹਿੰਗੇ ਮੁੱਲ ਨਾਲ ਪਾਲ਼ੀਆਂ ਫਸਲਾਂ ਹੁਣ ਅਚਨਚੇਤੀ ਬੇਮੌਸਮੀ ਬਰਸਾਤ ਨੇ ਝੰਬ ਦਿੱਤੀਆਂ ਹਨ।

ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਮੰਡੀਆਂ ’ਚ ਫਸਲਾਂ ਢਕਣ ਲਈ ਤਰਪਾਲਾਂ ਵੀ ਉਪਲੱਬਧ ਨਹੀਂ ਹਨ, ਜਿਸ ਨਾਲ ਮੰਡੀਆਂ ’ਚ ਝੋਨੇ ਦੇ ਅੰਬਾਰ ਬਰਸਾਤ ਨਾਲ ਭਿੱਜ ਗਏ। ਜਦੋਂ ਪੱਤਰਕਾਰਾਂ ਵੱਲੋਂ ਮੰਡੀਆਂ ’ਚ ਦੌਰਾ ਕੀਤਾ ਗਿਆ ਤਾਂ ਕਿਸਾਨ ਅਤੇ ਮਜ਼ਦੂਰ ਵਰ੍ਹਦੇ ਮੀਂਹ ’ਚ ਆਪਣੀਆਂ ਪੁੱਤਾਂ ਵਾਂਗ ਪਾਲ਼ੀਆਂ ਫਸਲਾਂ ਨੂੰ ਢਕਦੇ ਨਜ਼ਰ ਆਏ। ਕੁਝ ਦਿਨ ਪਹਿਲਾਂ ਪੱਕੀ ਫਸਲ ਨੂੰ ਦੇਖ ਕੇ ਖੁਸ਼ ਹੁੰਦੇ ਕਿਸਾਨ ਅੱਜ ਬੇਮੌਸਮੀ ਬਾਰਿਸ਼ ਕਾਰਨ ਮੁਰਝਾਏ ਨਜ਼ਰ ਆਏ ਕਿਉਂ ਤਿਉਹਾਰਾਂ ਦਾ ਸੀਜ਼ਨ ਹੈ ਅਤੇ ਹਰ ਇਕ ਵਿਅਕਤੀ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫਸਲਾਂ ’ਤੇ ਹੀ ਨਿਰਭਰ ਹੈ। ਅੱਜ ਸਵੇਰ ਤੋਂ ਹੋ ਰਹੀ ਬਾਰਿਸ਼ ਨੇ ਫਸਲਾਂ, ਹਰਾ ਚਾਰਾ, ਸਬਜ਼ੀਆਂ ਆਦਿ ਨੂੰ ਵੀ ਪ੍ਰਭਾਵਿਤ ਕੀਤਾ ਹੈ। ਬਾਰਿਸ਼ ਕਾਰਨ ਆਮ ਜਨ-ਜੀਵਨ ਵੀ ਠੱਪ ਰਿਹਾ।  ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਮੌਸਮੀ ਹੋਈ ਬਾਰਿਸ਼ ਨਾਲ ਨੁਕਸਾਨੀਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।

ਕੀ ਕਹਿੰਦੇ ਹਨ ਆਪ ਆਗੂ ਗੁਰਦੇਵ ਸਿੰਘ ਦੇਵਮਾਨ : ਅੱਜ ਤੜਕਸਾਰ ਬੇਮੌਸਮੀ ਬਾਰਿਸ਼ ਨਾਲ ਹੋਈ ਫਸਲਾਂ ਦੀ ਬਰਬਾਦੀ ਸਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਦੇ ਇੰਚਾਰਜ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ  ਕਿ ਪੰਜਾਬ ਸਰਕਾਰ ਨੂੰ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਪੱਕੇ ਸ਼ੈੱਡਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਅਤੇ ਪਹਿਲਾਂ ਬਣਾਏ ਗਏ ਸ਼ੈੱਡ ਹਰ ਸਾਲ ਵੱਡੇ ਕਰਨੇ ਚਾਹੀਦੇ ਹਨ।

Manoj

This news is Content Editor Manoj