ਸਰਕਾਰੀ ਹਦਾਇਤਾਂ ਅਨੁਸਾਰ 13 ਤੋਂ ਝੋਨਾ ਲਗਾ ਸਕਣਗੇ ਕਿਸਾਨ

06/12/2019 1:06:24 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਿਸਾਨ 13 ਜੂਨ ਦਿਨ ਵੀਰਵਾਰ ਤੋਂ ਖੇਤਾਂ 'ਚ ਝੋਨੇ ਦੀ ਫਸਲ ਲਗਾ ਸਕਣਗੇ। ਜ਼ਿਕਰਯੋਗ ਹੈ ਕਿ ਝੋਨਾ ਲਾਉਣ ਲਈ ਕਿਸਾਨਾਂ ਨੇ ਪੂਰੀਆਂ ਤਿਆਰੀਆਂ ਕਰ ਰੱਖੀਆਂ ਹਨ। ਜ਼ਮੀਨਾਂ ਨੂੰ ਵਾਹ ਕੇ, ਕੁਰਾਹੇ ਲਾ ਕੇ ਕਿਆਰੇ ਬਣਾ ਦਿੱਤੇ ਗਏ ਹਨ ਅਤੇ ਉਨ੍ਹਾਂ 'ਚ ਪਾਣੀ ਵੀ ਛੱਡਿਆ ਜਾ ਰਿਹਾ ਹੈ। ਪਾਵਰਕਾਮ ਮਹਿਕਮੇ ਵਲੋਂ 13 ਜੂਨ ਤੋਂ ਹੀ ਖੇਤਾਂ 'ਚ ਲੱਗੇ ਟਿਊਬਵੈਲਾਂ ਵਾਲੀ ਬਿਜਲੀ ਰੋਜ਼ਾਨਾ 8 ਘੰਟੇ ਮੁਹੱਈਆ ਕਰਵਾਉਣ ਦੇ ਪ੍ਰਬੰਧ ਕਰ ਲਏ ਗਏ ਹਨ। ਦੂਜੇ ਪਾਸੇ ਕਿਸਾਨਾਂ ਨੇ ਡੀਜ਼ਲ ਦੇ ਡਰੰਮ ਅਤੇ ਟੈਕੀਆਂ ਭਰਾ ਕੇ ਰੱਖ ਲਏ ਹਨ, ਕਿਉਂਕਿ ਪਾਣੀ ਦੀ ਘਾਟ ਦੀ ਪੂਰਤੀ ਲਈ ਕਿਸਾਨਾਂ ਨੂੰ ਡੀਜ਼ਲ ਇੰਜਨ, ਟਰੈਕਟਰ ਤੇ ਜਰਨੇਟਰ ਚਲਾਉਣਗੇ ਪੈਣਗੇ। ਝੋਨਾ ਲਾਉਣ ਲਈ ਮਜ਼ਦੂਰਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਕੁਝ ਕਿਸਾਨਾਂ ਨੇ ਝੋਨਾ ਲਗਵਾਉਣ ਲਈ ਪ੍ਰਵਾਸੀ ਮਜ਼ਦੂਰਾਂ ਨੂੰ ਬੁਲਾਇਆ ਹੈ। 

ਕਿਸਾਨਾਂ ਨੇ ਦੱਸਿਆ ਕਿ 13 ਜੂਨ ਤੋਂ ਸਾਰੇ ਕਿਸਾਨ ਝੋਨਾ ਨਹੀਂ ਲਗਾ ਸਕਣਗੇ, ਕਿਉਂਕਿ ਇਕੋ ਸਮੇਂ ਝੋਨਾ ਲਗਾਉਣ ਲਈ ਪਾਣੀ ਅਤੇ ਲੇਬਰ ਦੀ ਘਾਟ ਨਜ਼ਰ ਆ ਸਕਦੀ ਹੈ। ਕਈ ਕਿਸਾਨ ਆਪਣੀ ਨਹਿਰੀ ਪਾਣੀ ਦੀ ਵਾਰੀ ਦੇ ਹਿਸਾਬ ਨਾਲ ਹੀ ਝੋਨਾ ਲਾਉਣਗੇ। ਦੂਜੇ ਪਾਸੇ ਕੁਝ ਕਿਸਾਨਾਂ ਨੇ ਮਿਥੇ ਹੋਏ ਸਰਕਾਰੀ ਸਮੇਂ ਤੋਂ ਪਹਿਲਾਂ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ।
 

rajwinder kaur

This news is Content Editor rajwinder kaur