15 ਸਾਲ ਦੀ ''ਪੈਡ ਵੂਮੈਨ'' ਦਾ ਬਣ ਗਿਆ ਹੁਣ ਕਾਰਵਾਂ, ਜਾਣੋ ਪੂਰੀ ਦਾਸਤਾਨ

03/08/2019 3:36:40 PM

ਚੰਡੀਗੜ੍ਹ (ਸਾਜਨ)—ਤੁਸੀਂ ਪੈਡਮੈਨ ਬਾਰੇ ਤਾਂ ਸੁਣਿਆ ਹੋਵੇਗਾ ਪਰ ਪੈਡ ਵੂਮੈਨ  ਬਾਰੇ ਸ਼ਾਇਦ ਅਜੇ ਨਾ ਸੁਣਿਆ ਹੋਵੇ। ਪੈਡ ਵੂਮੈਨ ਵੀ ਸਿਰਫ਼ 15-16 ਸਾਲ ਦੀ ਉਮਰ ਦੀ ਜਿਸਦੇ ਉਪਰ ਅਕਸ਼ੈ ਕੁਮਾਰ ਦੀ ਪੈਡਮੈਨ ਫਿਲਮ ਦਾ ਅਜਿਹਾ ਅਸਰ ਪਿਆ ਕਿ ਉਹ ਖੁਦ ਔਰਤਾਂ ਲਈ ਪੈਡ ਬਣਾਉਣ ਲੱਗ ਗਈ। ਛੋਟੀ ਜਿਹੀ ਉਮਰ ਦੀ ਇਹ ਬੱਚੀ ਅਜੇ ਵੈਲਹਮ ਗਰਲਜ਼ ਸਕੂਲ, ਦੇਹਰਾਦੂਨ 'ਚ ਦਸਵੀਂ ਜਮਾਤ 'ਚ ਪੜ੍ਹ ਰਹੀ ਹੈ। ਮੂਲ ਰੂਪ ਤੋਂ ਜਲੰਧਰ ਦੀ ਰਹਿਣ ਵਾਲੀ ਜਾਹਨਵੀ  ਦਾ ਸੈਕਟਰ-27 'ਚ ਘਰ ਹੈ। ਇੱਥੇ ਉਹ ਲਗਾਤਾਰ ਆਉਂਦੀ ਰਹਿੰਦੀ ਹੈ ਅਤੇ ਚੰਡੀਗੜ੍ਹ ਦੀਆਂ ਸਲੱਮ ਬਸਤੀਆਂ, ਆਸ-ਪਾਸ  ਦੇ ਪਿੰਡਾਂ ਅਤੇ ਕਾਲਜਾਂ ਆਦਿ 'ਚ ਲੜਕੀਆਂ ਨੂੰ ਪੈਡ ਬਣਾਉਣ ਦਾ  ਢੰਗ ਸਿਖਾ ਰਹੀ ਹੈ। ਹੁਣ ਜਾਹਨਵੀ ਦਾ ਕਾਰਵਾਂ ਇੰਨਾ ਵੱਡਾ ਹੋ ਗਿਆ ਹੈ ਕਿ ਉਹ  ਚੰਡੀਗੜ੍ਹ, ਦੇਹਰਾਦੂਨ ਅਤੇ ਜਲੰਧਰ 'ਚ ਪੈਡ ਬਣਾਉਣਾ ਸਿਖਾ ਰਹੀ ਹੈ। 

ਗੱਲ 2018 ਦੇ ਮਈ ਮਹੀਨੇ ਦੀ ਹੈ।  ਟੈਲੀਵਿਜ਼ਨ ਦੇ ਚੈਨਲ 'ਤੇ ਅਕਸ਼ੈ ਕੁਮਾਰ ਦੀ ਸਮਾਜਿਕ ਸਮੱਸਿਆ ਨਾਲ ਜੁੜੀ ਫਿਲਮ ਪੈਡਮੈਨ ਆ ਰਹੀ ਸੀ। ਫਿਲਮ ਤਾਂ ਜਾਹਨਵੀ ਨੇ ਪਹਿਲਾਂ ਵੀ ਵੇਖੀ ਹੋਈ ਸੀ ਪਰ ਮਾਂ ਦੇ ਨਾਲ ਦੇਖਣ ਦਾ ਮੌਕਾ ਟੈਲੀਵਿਜ਼ਨ 'ਤੇ ਮਿਲਿਆ। ਫਿਲਮ 'ਚ ਔਰਤਾਂ ਦੀ ਮਾਹਵਾਰੀ ਦੀ ਸਮੱਸਿਆ ਅਤੇ ਉਸ ਦੌਰਾਨ  ਵਰਤੇ ਕੀਤੇ ਜਾਣ ਵਾਲੇ ਅਨ-ਹਾਈਜਨਿਕ ਤਰੀਕੇ ਵੇਖ ਕੇ ਜਾਹਨਵੀ ਨੇ ਮਾਂ ਨੂੰ ਸਵਾਲ ਕੀਤਾ ਕਿ ਕੀ ਅਜਿਹਾ ਵੀ ਹੁੰਦਾ ਹੈ? ਮਾਂ ਰੀਤੀ ਸਿੰਘ ਨੇ ਜਵਾਬ ਦਿੱਤਾ ਕਿ ਪੁੱਤਰ ਜਿਵੇਂ ਫਿਲਮ 'ਚ ਵਿਖਾਇਆ ਜਾ ਰਿਹਾ ਹੈ ਬਿਲਕੁਲ ਠੀਕ ਹੈ। ਪਿੰਡਾਂ, ਸਲੱਮ ਬਸਤੀਆਂ ਜਾਂ ਗਰੀਬੀ 'ਚ ਜੀਅ ਰਹੀਆਂ ਔਰਤਾਂ ਇਸੇ ਤਰ੍ਹਾਂ ਮਾਹਵਾਰੀ ਦੌਰਾਨ ਅਨ-ਹਾਈਜੈਨਿਕ ਤਰੀਕੇ ਅਪਣਾਉਂਦੀਆਂ ਹਨ। ਜਾਹਨਵੀ ਨੂੰ ਇਸ ਗੱਲ ਤੋਂ ਬਹੁਤ ਦੁੱਖ ਹੋਇਆ। ਉਸ ਨੇ ਮਾਂ ਨੂੰ ਸਵਾਲ ਕੀਤਾ ਕਿ ਅਸੀਂ ਸਹੂਲਤ ਸੰਪੰਨ ਲੋਕ ਹਾਂ ਅਤੇ ਸੈਨੀਟਰੀ ਪੈਡ ਅਫੋਰਡ ਵੀ ਕਰ ਸਕਦੇ ਹਾਂ ਪਰ ਇਹ ਸਹੂਲਤ ਹੋਣ ਦੇ ਬਾਵਜੂਦ ਉਨ੍ਹਾਂ ਦਿਨਾਂ 'ਚ ਕਿੰਨੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਇਹ ਸ਼ਾਇਦ ਲੁਕਿਆ ਨਹੀਂ ਹੈ। 

ਜਾਹਨਵੀ ਦੇ ਮਨ 'ਚ ਇੱਛਾ ਜਾਗੀ ਕਿ  ਪੀੜਤ ਔਰਤਾਂ ਜਾਂ ਛੋਟੀਆਂ ਬੱਚੀਆਂ ਜੋ ਮਾਹਵਾਰੀ ਦੀ ਸ਼ੁਰੂਆਤ 'ਚ ਕਦਮ ਰੱਖਦੀਆਂ ਹਨ, ਲਈ ਕੁਝ ਅਜਿਹਾ ਕੀਤਾ ਜਾਵੇ ਕਿ ਉਨ੍ਹਾਂ ਲਈ ਇਹ ਮੁਸ਼ਕਿਲ ਭਰੇ ਦਿਨ ਬਿਹਤਰ ਹੋ ਸਕਣ ਅਤੇ ਇਕ ਬਿਹਤਰ ਤਰੀਕਾ ਉਨ੍ਹਾਂ ਦੀ ਸਿਹਤ ਨੂੰ ਵੀ ਠੀਕ ਰੱਖ ਸਕੇ। ਇਸ ਇੱਛਾ ਨਾਲ ਆਪਣੀ ਸਹੇਲੀ ਨੂੰ ਨਾਲ ਲੈ ਕੇ ਜਾਹਨਵੀ ਸੈਕਟਰ-27 ਦੇ ਇਕ ਕੈਮਿਸਟ  ਕੋਲ ਪਹੁੰਚੀ। ਇੱਥੇ ਉਸ ਨੇ ਕੈਮਿਸਟ ਤੋਂ ਸੈਨੀਟਰੀ ਨੈਪਕਿਨ ਦੇ ਰੇਟ ਬਾਰੇ ਪੁੱਛਿਆ। ਆਪਣੀ ਜੇਬ ਖਰਚ ਦਾ ਹਿਸਾਬ ਲਾਇਆ ਤਾਂ ਪਾਇਆ ਕਿ ਇਸ 'ਚ ਤਾਂ ਸਿਰਫ਼ ਕੁਝ ਹੀ ਸੈਨੀਟਰੀ ਨੈਪਕਿਨ ਮਿਲਣਗੇ ਅਤੇ ਸਲੱਮ ਆਬਾਦੀ ਦੀਆਂ ਔਰਤਾਂ ਜਾਂ ਛੋਟੀਆਂ ਬੱਚੀਆਂ ਦੀ ਮਦਦ ਨਹੀਂ ਹੋ ਸਕੇਗੀ।

ਇਸ ਤੋਂ ਬਾਅਦ ਜਾਹਨਵੀ ਦੀ ਮਾਂ ਨੇ ਆਪਣੀ ਗਾਇਨੋਕੋਲਾਜਿਸਟ ਨਾਲ ਇਸ ਸਬੰਧੀ ਚਰਚਾ ਕੀਤੀ। ਗਾਇਨੋਕੋਲਾਜਿਸਟ ਡਾ. ਰਿਤੂ ਨੰਦਾ ਨੇ ਜਾਹਨਵੀ ਤੇ ਮਾਂ ਰੀਤੀ ਸਿੰਘ ਨੂੰ ਆਪਣੇ ਕੋਲ ਬੁਲਾਇਆ। ਨਰਸਾਂ ਦੀ ਮਦਦ ਨਾਲ ਉਨ੍ਹਾਂ ਨੂੰ ਵਿਖਾਇਆ ਕਿ ਕਿਵੇਂ ਡਲਿਵਰੀ ਦੌਰਾਨ ਔਰਤਾਂ ਲਈ ਰੂੰ ਤੇ ਪੱਟੀ ਨਾਲ ਬਣੇ  ਨੈਪਕਿਨ ਉਹ ਵਰਤਦੇ  ਸਨ। ਨੈਪਕਿਨ ਨਾ ਸਿਰਫ ਸਸਤੇ ਸਨ ਸਗੋਂ ਉਨ੍ਹਾਂ ਨੂੰ ਬਣਾਉਣ ਦਾ ਢੰਗ  ਵੀ ਨਰਸਾਂ ਨੇ ਜਾਹਨਵੀ ਨੂੰ ਸਿਖਾਇਆ। ਜਾਹਨਵੀ ਨੇ ਘਰ ਆ ਕੇ ਆਪਣੇ ਕੁਝ ਦੋਸਤਾਂ, ਮਾਤਾ-ਪਿਤਾ, ਦਾਦਾ ਦਾਦੀ, ਨਾਨਾ-ਨਾਨੀ ਦੀ ਮਦਦ ਨਾਲ ਸੈਨੀਟਰੀ ਪੈਡ ਬਣਾਉਣੇ ਸ਼ੁਰੂ ਕਰ ਦਿੱਤੇ। ਇਕ ਪੈਡ ਦੀ ਕਾਸਟ ਸਿਰਫ ਢਾਈ ਤੋਂ ਤਿੰਨ ਰੁਪਏ ਆਉਂਦੀ ਸੀ। ਇਨ੍ਹਾਂ ਸਸਤੇ ਨੈਪਕਿਨਾਂ ਨੂੰ ਸਲੱਮ ਆਬਾਦੀ  ਤੇ ਪਿੰਡਾਂ ਆਦਿ 'ਚ ਜਾ ਕੇ ਗਰੀਬ ਔਰਤਾਂ ਅਤੇ ਉਨ੍ਹਾਂ ਦੀਆਂ ਬੱਚੀਆਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ। 

ਹੁਣ ਸਵਾਲ ਇਹ ਸੀ ਕਿ ਇਹ ਕਿੰਨੀ ਦੇਰ ਉਹ ਵੰਡੇਗੀ ?  ਇਨ੍ਹਾਂ ਔਰਤਾਂ ਅਤੇ ਬੱਚੀਆਂ ਨੂੰ ਜੇਕਰ ਇਸ ਨੂੰ ਬਣਾਉਣ ਦਾ ਤਰੀਕਾ ਦੱਸ ਦਿੱਤਾ ਜਾਵੇ ਤਾਂ ਉਹ ਹਰ ਮਹੀਨੇ ਇਸ ਨੂੰ ਖੁਦ ਬਣਾ ਕੇ ਸਸਤੇ ਰੇਟ 'ਤੇ ਖੁਦ ਲਈ ਤਿਆਰ ਕਰ ਸਕਣਗੀਆਂ। ਹੋ ਸਕੇ ਤਾਂ ਇਸ ਨੂੰ ਆਮਦਨ ਦਾ ਸਰੋਤ ਵੀ ਬਣਾ ਸਕਣਗੀਆਂ। ਇਸ ਇੱਛਾ ਨਾਲ ਚੰਡੀਗੜ੍ਹ, ਜਲੰਧਰ ਆਦਿ ਦੇ ਸਕੂਲਾਂ, ਕਾਲਜਾਂ ਅਤੇ ਸਲੱਮ ਕਾਲੋਨੀਆਂ 'ਚ ਜਾ ਕੇ ਖੁਦ ਦੇ ਤਿਆਰ ਸੈਨੀਟਰੀ ਨੈਪਕਿਨ ਵੰਡਣੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਇਨ੍ਹਾਂ ਨੂੰ ਬਣਾਉਣ ਦਾ ਤਰੀਕਾ ਵੀ ਸਿਖਾਉਣ ਲੱਗੀ। ਲੜਕੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੇ ਪੂਰੀ ਰੁਚੀ ਨਾਲ ਇਹ ਤਰੀਕਾ ਸਿੱਖਿਆ। ਇਸ ਤੋਂ ਬਾਅਦ ਵੀ ਜਾਹਨਵੀ ਦੀ ਮੁਹਿੰਮ ਰੁਕੀ ਨਹੀਂ। ਉਸ ਨੇ ਸਰਜੀਕਲ ਸਾਮਾਨ ਵੇਚਣ ਵਾਲੀ ਇਕ ਫਰਮ ਨਾਲ ਟਾਈਅਪ ਕੀਤਾ। ਉਥੋਂ ਰੂੰ ਅਤੇ ਪੱਟੀ (ਗਾਜ) ਹੋਰ ਵੀ ਸਸਤੀਆਂ ਦਰਾਂ 'ਤੇ ਖਰੀਦਣਾ ਸ਼ੁਰੂ ਕੀਤਾ।  

ਇਸ ਕੰਮ 'ਚ ਹੁਣ ਜਾਹਨਵੀ ਦੇ ਦੋ ਛੋਟੇ ਭਰਾ, ਜੋ ਜੌੜੇ ਹਨ ਅਤੇ ਸਿਰਫ਼ ਦਸ ਸਾਲ ਦੇ ਹਨ, ਵੀ ਮਦਦ ਕਰਦੇ ਹਨ। ਵੈੱਲਹੰਸ ਸਕੂਲ ਦੇਹਰਾਦੂਨ 'ਚ ਸੋਸ਼ਲ ਵਰਕ ਪ੍ਰੋਡਕਟਿਵ ਵਰਕ ਤਹਿਤ ਜਾਹਨਵੀ ਨੂੰ ਹੈੱਡ ਬਣਾਇਆ ਗਿਆ ਹੈ ਅਤੇ ਉੱਥੇ ਪੰਜਵੀਂ ਤੋਂ ਦਸਵੀਂ ਕਲਾਸ ਤਕ ਦੀਆਂ ਬੱਚਿਆਂ ਨੂੰ ਉਹ ਪੈਡ ਬਣਾਉਣੇ ਸਿਖਾਉਂਦੀ ਹੈ। ਚੰਡੀਗੜ੍ਹ 'ਚ ਸੈਕਟਰ-26 ਸਥਿਤ ਖਾਲਸਾ ਕਾਲਜ ਅਤੇ ਕਈ ਸਲਮ ਆਬਾਦੀਆਂ 'ਚ ਵੀ ਜਾਹਨਵੀ ਨੇ ਪੈਡ ਬਣਾਉਣ ਦਾ ਢੰਗ ਸਿਖਾਇਆ। ਹੁਣ ਔਰਤਾਂ ਅਤੇ ਬੱਚੀਆਂ ਇਸ ਤਰੀਕੇ ਨਾਲ ਸਸਤੇ ਪੈਡ ਬਣਾ ਰਹੀਆਂ ਹਨ।

ਜਾਹਨਵੀ ਦੇ ਨਾਲ ਪੜ੍ਹ ਰਹੀਆਂ ਕੁਝ ਲੜਕੀਆਂ ਨੇ ਆਪਣੇ ਘਰ 'ਚ ਇਸਦੀ ਚਰਚਾ ਕੀਤੀ ਤਾਂ ਉਨ੍ਹਾਂ ਦੀਆਂ ਮਾਵਾਂ ਨੇ ਸਿਲੀਗੁੜੀ 'ਚ ਵੀ ਇਸੇ ਤਰ੍ਹਾਂ ਦੇ ਸੈਨੀਟਰੀ ਪੈਡ ਬਣਾਉਣ ਦਾ ਕੰਮ ਸ਼ੁਰੂ ਕਰਨ ਦੀ ਇੱਛਾ ਪ੍ਰਗਟ ਕੀਤੀ। ਹੁਣ ਸਿਲੀਗੁੜੀ ਸਮੇਤ ਕੁਝ ਹੋਰ ਥਾਵਾਂ 'ਤੇ ਵੀ ਲੜਕੀਆਂ ਅਤੇ ਮਾਵਾਂ ਇਸ ਰਸਤੇ 'ਤੇ ਨਿਕਲੀਆਂ ਹਨ ਅਤੇ ਕਾਰਵਾਂ ਲਗਾਤਾਰ ਵਧਦਾ ਜਾ ਰਿਹਾ ਹੈ। ਜਾਹਨਵੀ ਅਨੁਸਾਰ ਉਹ ਅੱਗੇ ਵੀ ਇਸ ਸਮਾਜਿਕ ਸਮੱਸਿਆ ਸਬੰਧੀ ਔਰਤਾਂ ਅਤੇ ਲੜਕੀਆਂ ਨੂੰ ਜਾਗਰੂਕ ਕਰਦੀਆਂ ਰਹਿਣਗੀਆਂ ਕਿਉਂਕਿ ਜੋ ਜ਼ਿਆਦਾ ਪੈਸਾ ਖਰਚ ਕਰ ਮਹਿੰਗੇ ਸੈਨੀਟਰੀ ਪੈਡ ਨਹੀਂ ਖਰੀਦ ਸਕਦੀਆਂ ਉਨ੍ਹਾਂ ਨੂੰ ਇਸ ਹਾਈਜੈਨਿਕ ਤਰੀਕੇ ਨਾਲ ਪੈਡ ਬਣਾਉਣਾ ਅਤੇ  ਵਰਤਣਾ ਸਿਖਾਇਆ ਜਾਵੇਗਾ। 

Shyna

This news is Content Editor Shyna