ਪੀ. ਯੂ. ਵਿਦਿਆਰਥੀਆਂ ਘੇਰਿਆ ਵਾਈਸ-ਚਾਂਸਲਰ ਦਾ ਦਫਤਰ

09/19/2018 6:53:52 AM

ਪਟਿਆਲਾ, (ਜੋਸਨ)- ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਡੀ. ਐੈੱਸ. ਓ.) ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਵਾਈਸ-ਚਾਂਸਲਰ ਦਫਤਰ ਨੂੰ ਘੇਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਿਦਿਆਰਥੀ ਨੇਤਾਵਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ 24 ਘੰਟਿਅਾਂ ਦਾ ਧਰਨਾ ਵਾਈਸ-ਚਾਂਸਲਰ ਦਫਤਰ ਸਾਹਮਣੇ ਜਾਰੀ ਰਹੇਗਾ। 
 ਨੇਤਾਵਾਂ ਨੇ ਮੰਗ ਕੀਤੀ  ਕਿ ਪ੍ਰਬੰਧਕੀ ਬਲਾਕ ਨੂੰ ਲੈ ਕੇ ਅਤੇ ਕੁਡ਼ੀਆਂ ਦੇ ਹੋਸਟਲ ਦੀ ਟਾਈਮਿੰਗ 24 ਘੰਟੇ ਕੀਤੀ ਜਾਵੇ। ਹੋਸਟਲ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ।  ਪ੍ਰਬੰਧਕੀ ਬਲਾਕ ਨੂੰ ਲੈ ਕੇ 3-4 ਮੰਗਾਂ ਜੋ ਬਹੁਤ ਜ਼ਰੂਰੀ ਹਨ, ਜਿਵੇਂ ਕਿ ਪ੍ਰਬੰਧਕੀ ਬਲਾਕ ਦਾ ਕੋਡ ਆਫ਼ ਕੰਡਕਟ ਪਬਲਿਸ਼ ਕੀਤਾ ਜਾਵੇ। ਡੀ. ਐੈੱਸ. ਓ. ਦੇ ਬੁਲਾਰਿਆਂ ਜਗਜੀਤ, ਕਿਰਨ, ਗਗਨਦੀਪ, ਅਮਨਦੀਪ, ਅਜਾਇਬ ਅਤੇ ਹੋਰ ਵਿਦਿਆਰਥੀਆਂ ਨੇ ਇਹ ਐਲਾਨ ਕੀਤਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਦਿਨ-ਰਾਤ ਦਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਨੇਤਾਵਾਂ ਨੇ ਕਿਹਾ ਕਿ ਜਾਣ-ਬੁੱਝ ਕੇ ਵਿਦਿਆਰਥੀ ਮੰਗਾਂ ਨੂੰ ਲਮਕਾਇਆ ਜਾ ਰਿਹਾ ਹੈ। 
 1 ਪ੍ਰੋਫੈਸਰ : ਅਹੁਦੇ 4 : ਕਿਵੇਂ ਹੋਣਗੇ ਕੰਮ?
  ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕਈ ਪ੍ਰੋਫੈਸਰਾਂ ’ਤੇ ਬਹੁਤ ਜ਼ਿਆਦਾ ਮਿਹਰਬਾਨ ਦਿਸ ਰਹੀ ਹੈ। ਇਸ ਕਾਰਨ ਯੂਨੀਵਰਸਿਟੀ ਦੇ ਕੰਮ ਰੁਕ ਰਹੇ ਹਨ। ਨੇਤਾਵਾਂ ਨੇ ਕਿਹਾ ਕਿ ਇਕ ਪ੍ਰੋਫੈਸਰ ਨੂੰ ਹੀ ਅਕਾਦਮਕ ਡੀਨ ਲਾਇਆ ਹੋਇਆ। ਉਸੇ ਕੋਲ ਕੰਟੋਰਲਰ ਦੇ ਚਾਰਜ ਸਮੇਤ 4 ਅਹੁਦੇ ਹਨ, ਜਿਸ ਕਾਰਨ ਕੰਮ ਹੀ ਨਹੀਂ ਹੋ ਰਹੇ। ਚਾਰੇ ਪਾਸੇ ਹਾਹਕਾਰ ਮਚੀ ਪਈ ਹੈ। ਨੇਤਾਵਾਂ ਨੇ ਕਿਹਾ ਕਿ ਜੇਕਰ ਵਾਈਸ-ਚਾਂਸਲਰ ਯੂਨੀਵਰਸਿਟੀ ਨੂੰ ਚਲਾਉਣਾ ਚਾਹੰਦੇ ਹਨ ਤਾਂ ਇਕ ਪ੍ਰੋਫੈਸਰ ਨੂੰ ਇਕ ਹੀ ਅਹੁਦਾ ਦੇਣ ਤਾਂ ਜੋ ਲੋਕਾਂ ਤੇ ਵਿਦਿਆਰਥੀਆਂ ਦੀ ਸੁਣਵਾਈ ਹੋ ਸਕੇ।