ਕੌਮੀ ਮਾਰਗ ਲਈ ਐਕਵਾਇਰ ਕੀਤੀ ਜਮੀਨ ਦਾ ਭਾਅ ਘੱਟ ਪਾਉਣ ''ਤੇ ਮਾਲਕਾਂ ''ਚ ਰੋਸ

09/30/2019 12:54:57 AM

ਬੁਢਲਾਡਾ,(ਮਨਜੀਤ)- ਸਥਾਨਕ ਸ਼ਹਿਰ ਵਿਖੇ ਲੰਘਣ ਵਾਲੇ ਰਾਸ਼ਟਰੀ ਮਾਰਗ 148 ਬੀ ਲਈ ਲੋਕਾਂ ਦੀ ਸੜਕ ਦੇ ਦੋਵੇਂ ਪਾਸੇ ਲਈ ਜਾ ਰਹੀ ਕਮਰਸ਼ਲ, ਵਪਾਰਕ ਭੂਮੀ ਕੋਡੀਆਂ ਦੇ ਭਾਅ ਖਰੀਦਣ ਦਾ ਭੂਮੀ ਮਾਲਕਾਂ ਨੇ ਸਖਤ ਵਿਰੋਧ ਕੀਤਾ ਹੈ। ਮੀਟਿੰਗ ਦੌਰਾਨ ਭੂਮੀ ਦੇ ਮਾਲਕਾਂ ਅਤੇ ਕਬਜਾਕਾਰਾਂ ਨੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਐਕਵਾਇਰ ਕੀਤੀ ਜਾਣ ਵਾਲੀ ਭੂਮੀ ਦਾ ਮੁੱਲ ਅੱਜ ਦੇ ਭਾਅ ਮੁਤਾਬਕ ਪ੍ਰਸ਼ਾਸ਼ਨ ਕਮੇਟੀ ਬਣਾ ਕੇ ਪਾਵੇ। ਸੰਘਰਸ਼ ਕਮੇਟੀ ਦੇ ਆਗੂ ਮੁਖਇੰਦਰ ਸਿੰਘ ਪਿੰਕਾ ਔਲਖ, ਰਾਵਿੰਦਰ ਸ਼ਰਮਾ, ਜਸਪਾਲ ਸਿੰਘ ਜੱਸੀ ਖੁਰਮੀ, ਤਾਰਾ ਸਿੰਘ ਵਿਰਦੀ ਨੇ ਮੀਟਿੰਗ ਨੂੰ ਸੰਬੋਧਨ ਦੌਰਾਨ ਕਿਹਾ ਕਿ ਉਨ੍ਹਾਂ ਦੀ ਜੱਦੀ ਪੁਸ਼ਤੀ ਕਮਰਸ਼ਲ਼ ਜਮੀਨ ਨੂੰ ਕੋਡੀਆਂ ਦੇ ਭਾਅ ਮੁੱਲ ਪਾਇਆ ਗਿਆ ਹੈ।ਜੋ ਕਿ ਭੂਮੀ ਦੇ ਮਾਲਕਾਂ ਅਤੇ ਕਬਜਾਕਾਰਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਭਾਵਸ਼ਾਲੀ ਆਗੂਆਂ ਦੇ ਇਲਾਕਿਆਂ ਵਿੱਚ ਘੱਟ ਰੇਟ ਵਾਲੀ ਜਮੀਂ ਦੇ ਵੱਧ ਮੁੱਲ ਪਾਏ ਗਏ ਹਨ ਜਦਕਿ ਸ਼ਹਿਰ ਦੀ ਸ਼ੂਗਰ ਮਿੱਲ ਤੋਂ ਲੈ ਕੇ ਰੱਲੀ ਵਾਲੀ ਨਹਿਰ (ਬੁਢਲਾਡਾ ਬ੍ਰਾਂਚ) ਤੱਕ ਸਾਰੀ ਹੀ ਜਮੀਨ ਕਮਰਸ਼ਲ ਜਮੀਨ ਹੈ ਕਿਉਂਕਿ ਸੜਕ ਉੱਪਰ ਸੈੱਲਰ, ਪੰਪ ਹੋਟਲ, ਪੈਲੇਸ, ਦੁਕਾਨਾਂ, ਵਰਕਸ਼ਾਪਾਂ, ਕਾਲਜ, ਛੋਟੀਆਂ ਇੰਡਸਟਰੀਆਂ ਤੋਂ ਇਲਾਵਾ ਹੋਰ ਵੀ ਕਾਰੋਬਾਰ ਚੱਲ ਰਹੇ ਹਨ ਜੋ ਕਿ ਵਕਾਇਦਾ ਰੂਪ ਵਿੱਚ ਵਪਾਰਕ ਰੂਪ ਵਿੱਚ ਪੂਰੀਆਂ ਕਰਦੇ ਹਨ।   ਨਾਲ ਹੀ ਮੰਗ ਕੀਤੀ ਕਿ ਬੁਢਲਾਡਾ ਸ਼ਹਿਰ ਵਿੱਚ ਰਾਸ਼ਟਰੀ ਮਾਰਗਾਂ ਦੇ ਪੁੱਲ ਪਿੱਲਰਾਂ ਵਾਲੇ ਬਣਾਏ ਜਾਣ ਤਾਂ ਕਿ ਲੋਕ ਆਪਣਾ ਰੁਜਗਾਰ ਵੀ ਚਲਾ ਸਕਣ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਜਮੀਨ ਦਾ ਮੁੱਲ ਕਮਸ਼ਰਲ ਅਤੇ ਵਪਾਰਕ ਅੱਜ ਦੇ ਭਾਅ ਮੁਤਾਬਕ ਨਾ ਪਾਇਆ ਤਾਂ ਉਹ ਆਪਣੀ ਭੂਮੀ ਨਹੀਂ ਦੇਣਗੇ। ਭਾਵੇਂ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਅਖੀਰ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਸ਼ਹਿਰ ਦੇ ਲੋਕ ਉਨ੍ਹਾਂ ਨਾਲ ਖੜੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਨਸਾਫ ਨਾ ਮਿਲਣ ਤੇ ਵੱਡਾ ਸੰਘਰਸ਼ ਕੀਤਾ ਜਾ ਸਕੇ। ਇਸ ਮੌਕੇ ਹੈਪੀ ਸਿੰਘ ਸਿੱਧੂ, ਮੇਲਾ ਸਿੰਘ ਹਲਵਾਈ, ਜਨਕ ਕੁਮਾਰ, ਕੁੱਕੂ ਸਿੰਘ, ਅਮਰਜੀਤ ਸਿੰਘ ਅੰਬੀ, ਸੁਰਿੰਦਰ ਬੀਰੋਕੇ, ਲਲਿਤ ਲੱਕੀ, ਸਿਮਰਜੀਤ ਸਿੰਘ, ਗੁਰਚਰਨ ਸਿੰਘ ਚੱਕ, ਕਰਮਜੀਤ ਸਿੰਘ ਅਹਿਮਦਪੁਰ, ਜਨੀਸ਼ ਕੁਮਾਰ ਪੰਪ ਵਾਲੇ, ਰਣਧੀਰ ਔਲਖ, ਈਸ਼ਵਰ ਦਾਸ, ਮਹੇਸ਼ ਕੁਮਾਰ ਤੋਂ ਇਲਾਵਾ ਹੋਰਨਾਂ ਨੇ ਵੀ ਹੱਥ ਖੜ੍ਹੇ ਕਰਕੇ ਸਰਕਾਰ ਖਿਲਾਫ ਰੋਸ ਜਾਹਿਰ ਕੀਤਾ। ਦੂਸਰੀ ਤਰਫ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਦੇ ਲੋਕਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਲਿਖਤੀ ਤੌਰ ਤੇ ਉਨ੍ਹਾਂ ਨੂੰ ਦਿੱਤਾ ਜਾਵੇ ਤਾਂ ਜੋ ਉਸ ਤੇ ਉਹ ਐੱਸ.ਡੀ.ਐੱਮ ਬੁਢਲਾਡਾ ਅਤੇ ਹੋਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਲੋੜੀਂਦੀ ਕਾਰਵਾਈ ਕਰ ਸਕਣ।


Bharat Thapa

Content Editor

Related News