''ਭੱਟੀਵਾਲ'' ''ਚ ਡਾਇਰੀਆ ਦਾ ਪ੍ਰਕੋਪ ਜਾਰੀ, ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 70

07/12/2022 5:13:52 PM

ਭਵਾਨੀਗੜ੍ਹ(ਵਿਕਾਸ) : ਨਜ਼ਦੀਕੀ ਪਿੰਡ ਭੱਟੀਵਾਲ ਕਲਾਂ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਫੈਲੇ ਡਾਇਰੀਆ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਡਾਇਰੀਆ ਦੀ ਚਪੇਟ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਦੂਜੇ ਦਿਨ ਵਾਧਾ ਦੇਖਣ ਨੂੰ ਮਿਲਿਆ। ਜਿਸਦੇ ਚੱਲਦਿਆਂ ਹੁਣ ਮਰੀਜ਼ਾਂ ਦੀ ਗਿਣਤੀ 70 ਦੇ ਕਰੀਬ ਪਹੁੰਚ ਗਈ ਹੈ। ਜਦੋਂਕਿ ਕੱਲ੍ਹ ਸੋਮਵਾਰ ਸ਼ਾਮ 5 ਵਜੇ ਤੱਕ ਸਿਹਤ ਵਿਭਾਗ ਕੋਲ 30 ਦੇ ਕਰੀਬ ਮਰੀਜ਼ ਰਿਪੋਰਟ ਹੋਏ ਸਨ। ਇਸ ਤਰ੍ਹਾਂ ਅੱਜ ਮੰਗਲਵਾਰ ਨੂੰ ਦੂਜੇ ਦਿਨ 40 ਦੇ ਕਰੀਬ ਹੋਰ ਡਾਇਰੀਆ ਦੇ ਮਰੀਜ਼ਾ ਦਾ ਸਾਹਮਣੇ ਆਉਂਣਾ ਕਿਤੇ ਨਾ ਕਿਤੇ ਸਿਹਤ ਵਿਭਾਗ ਲਈ ਚਿੰਤਾ ਖੜੀ ਕਰ ਸਕਦਾ ਹੈ। ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਹੈ ਤੇ ਮਰੀਜ਼ਾਂ ਨੂੰ ਸਹੀ ਤਰੀਕੇ ਨਾਲ ਡਾਕਟਰੀ ਇਲਾਜ ਦਿੱਤਾ ਜਾ ਰਿਹਾ ਹੈ। ਡਾਇਰੀਆ ਨਾਲ ਪੀੜਤ ਲੋਕਾਂ ਵਿੱਚ ਉਲਟੀ, ਦਸਤ ਤੇ ਪੇਟ ਦਰਦ ਦੀ ਸਮੱਸਿਆ ਦੇ ਲੱਛਣ ਪਾਏ ਜਾ ਰਹੇ ਹਨ।

ਇਹ ਵੀ ਪੜ੍ਹੋ- ਨਰਮੇ ਦੀ ਫ਼ਸਲ ਦੇ ਨਿਰੀਖਣ ਲਈ ਖੇਤੀਬਾੜੀ ਮੰਤਰੀ ਵੱਲੋਂ ਬਠਿੰਡਾ ਦੇ ਕਈ ਪਿੰਡਾਂ ਦਾ ਦੌਰਾ, ਕਿਸਾਨਾਂ ਨੂੰ ਕੀਤੀ ਇਹ ਅਪੀਲ

ਮੰਗਲਵਾਰ ਨੂੰ ਸਾਹਮਣੇ ਆਏ ਮਰੀਜ਼ਾਂ 'ਚੋਂ 2 ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੋਣ 'ਤੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਦੋਂਕਿ ਬਾਕੀ ਮਰੀਜਾਂ ਦਾ ਇਲਾਜ ਡਾਕਟਰੀ ਟੀਮਾਂ ਵੱਲੋਂ ਪਿੰਡ ਪੱਧਰ 'ਤੇ ਹੀ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸੀ.ਐੱਚ.ਓ ਭੱਟੀਵਾਲ ਕਲਾਂ ਸੰਦੀਪ ਕੌਰ ਨੇ ਦੱਸਿਆ ਕਿ ਡਾਇਰੀਆ ਨਾਲ ਪੀੜਤ ਲੋਕਾਂ ਦਾ ਸਿਹਤ ਵਿਭਾਗ ਵੱਲੋਂ ਇਲਾਜ ਜਾਰੀ ਹੈ ਤੇ ਨਾਲ ਹੀ ਉਨ੍ਹਾਂ ਨੂੰ ਬਚਾਅ ਦੇ ਨਿਰਦੇਸ਼ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਕੋਲ ਹੁਣ ਤੱਕ ਡਾਇਰੀਆ ਨਾਲ ਪੀੜਤ 70 ਲੋਕ ਰਿਪੋਰਟ ਹੋਏ ਹਨ ਜਿਨ੍ਹਾਂ 'ਚ 4 ਬੱਚੇ ਸ਼ਾਮਲ ਹਨ, ਰਾਹਤ ਦੀ ਗੱਲ ਇਹ ਹੈ ਕਿ ਜਿਆਦਾਤਰ ਮਰੀਜ਼ ਸਿਹਤ ਪੱਖੋਂ ਖੁਦ ਨੂੰ ਠੀਕ ਮਹਿਸੂਸ ਕਰ ਰਹੇ ਹਨ। 

ਪਾਇਪਾਂ ਜ਼ਿਆਦਾ ਪੁਰਾਣੀਆਂ ਹੋਣ ਕਾਰਨ ਆਈ ਸਮੱਸਿਆ

ਉਧਰ ਪੰਚਾਇਤ ਮੈਂਬਰ ਸ਼ਿੰਦਰਪਾਲ ਸ਼ਰਮਾਂ ਨੇ ਕਿਹਾ ਕਿ ਪਿੰਡ ਵਿੱਚ ਵਾਟਰ ਸਪਲਾਈ ਦੀਆਂ ਪਾਈਪਾਂ ਕਾਫ਼ੀ ਪੁਰਾਣੀਆਂ ਹੋ ਚੁੱਕੀਆਂ ਹਨ, ਪਾਇਪ ਲੀਕੇਜ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਟੂਟੀਆਂ ਰਾਹੀਂ ਸਪਲਾਈ ਹੋ ਗਿਆ ਤੇ ਦੂਸ਼ਿਤ ਪਾਣੀ ਦੇ ਸੇਵਨ ਨਾਲ ਵੱਡੀ ਪੱਧਰ 'ਤੇ ਪਿੰਡ ਦੇ ਲੋਕ ਡਾਇਰੀਆ ਦੀ ਚਪੇਟ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਲੋਕਾਂ ਲਈ ਟੈਂਕਰਾਂ ਰਾਹੀਂ ਲਿਆ ਕੇ ਸਾਫ਼ ਤੇ ਸ਼ੁੱਧ ਪਾਣੀ ਵੀ ਵਿਵਸਥਾ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News