ਅਫੀਮ ਦੀ ਸਮੱਗਲਿੰਗ ਕਰਨ ਦੇ ਦੋਸ਼ ''ਚ 5 ਨੂੰ ਸੁਣਾਈ ਸਜ਼ਾ

09/17/2018 4:14:03 PM

ਮਾਨਸਾ (ਮਿੱਤਲ)— ਸਥਾਨਕ ਇਕ ਅਦਾਲਤ ਵਲੋਂ ਅਫੀਮ ਦੀ ਸਮੱਗਲਿੰਗ ਕਰਨ ਦੇ ਦੋਸ਼ 'ਚ 5 ਵਿਅਕਤੀਆਂ ਨੂੰ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ਼ ਮਾਨਸਾ ਦੀ ਪੁਲਸ ਵਲੋਂ 18 ਦਸੰਬਰ 2012 ਨੂੰ ਅਮਨਦੀਪ ਸਿੰਘ ਵਾਸੀ ਝੰਡੂਕੇ ਕੋਲੋਂ ਇਕ ਕਿਲੋ ਅਫੀਮ, ਅਵਤਾਰ ਸਿੰਘ ਵਾਸੀ ਓਡਾਂ ਕੋਲੋਂ ਇਕ ਕਿਲੋ ਅਫੀਮ, ਸਿਕੰਦਰ ਸਿੰਘ ਵਾਸੀ ਪਿੰਡ ਲੱਲੂਆਣਾ ਕੋਲੋਂ 250 ਗ੍ਰਾਮ ਅਫੀਮ, ਜਗਪਾਲ ਸਿੰਘ ਅਤੇ ਨਿਰਮਲ ਸਿੰਘ ਵਾਸੀਆਨ ਪਿੰਡ ਨੰਗਲ ਖੁਰਦ ਕੋਲੋਂ 250–250 ਗ੍ਰਾਮ ਅਫੀਮ ਬਰਾਮਦ ਕਰ ਕੇ ਉਨ੍ਹਾਂ ਦੇ ਖਿਲਾਫ਼ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਨੰ. 121 ਦਰਜ ਕਰਵਾ ਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਦਲਜੀਤ ਸਿੰਘ ਰੱਲ੍ਹਣ ਦੀ ਅਦਾਲਤ ਵੱਲੋਂ ਉਕਤ ਵਿਅਕਤੀਆਂ ਨੂੰ ਦੋਸ਼ੀ ਮੰਨਦੇ ਹੋਏ ਅਮਨਦੀਪ ਸਿੰਘ ਅਤੇ ਅਵਤਾਰ ਸਿੰਘ ਨੂੰ ਤਿੰਨ–ਤਿੰਨ ਸਾਲ ਦੀ ਸਜ਼ਾ ਅਤੇ 20–20 ਹਜ਼ਾਰ ਰੁਪਏ ਜੁਰਮਾਨਾ, ਜਦਕਿ ਸਿਕੰਦਰ ਸਿੰਘ, ਜਗਪਾਲ ਸਿੰਘ ਅਤੇ ਨਿਰਮਲ ਸਿੰਘ ਨੂੰ 6–6 ਮਹੀਨੇ ਦੀ ਸਜ਼ਾ ਅਤੇ 10–10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।