8 ਲੱਖ ਦੀ ਅਫੀਮ ਸਮੇਤ 2 ਸਮੱਗਲਰ ਗ੍ਰਿਫਤਾਰ

05/12/2019 1:38:56 AM

ਲੁਧਿਆਣਾ,(ਅਨਿਲ): ਸਪੈਸ਼ਲ ਟਾਸਕ ਫੋਰਸ ਦੀ ਪੁਲਸ ਟੀਮ ਵਲੋਂ 8 ਲੱਖ ਦੀ ਅਫੀਮ ਸਮੇਤ ਨਸ਼ਾ ਸਮੱਗਲਰ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਐੱਸ. ਪੀ. ਸੁਰਿੰਦਰ ਕੁਮਾਰ ਤੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਪੁਲਸ ਥਾਣਾ ਡੇਹਲੋਂ ਦੇ ਇਲਾਕੇ 'ਚ 2 ਸਮੱਗਲਰ ਭਾਰੀ ਮਾਤਰਾ 'ਚ ਅਫੀਮ ਦੀ ਖੇਪ ਲੈ ਕੇ ਆ ਰਹੇ ਹਨ। ਜਿਸ 'ਤੇ ਕਾਰਵਾਈ ਕਰਦੇ ਹੋਏ ਗਿੱਲ ਗਾਰਡਨ ਦੇ ਕੋਲ ਨਾਕਾਬੰਦੀ ਕੀਤੀ ਗਈ ਤਾਂ ਇਸ ਦੌਰਾਨ ਸਾਹਮਣਿਓਂ ਆ ਰਹੀ ਇਕ ਸਫੈਦ ਰੰਗ ਦੀ ਵਰਨਾ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਤਲਾਸ਼ੀ ਦੌਰਾਨ ਇਕ ਕਾਲੇ ਰੰਗ ਦੇ ਬੈਗ 'ਚੋਂ ਸਵਾ 4 ਕਿਲੋ ਅਫੀਮ ਦੀ ਖੇਪ ਬਰਾਮਦ ਕੀਤੀ ਗਈ। ਪੁਲਸ ਨੇ ਕਾਰ ਸਵਾਰ ਸੰਦੀਪ ਸਿੰਘ ਸੰਨੀ (25) ਪੁੱਤਰ ਮਹਿੰਦਰਪਾਲ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਡੇਹਲੋਂ ਤੇ ਉਸ ਦੇ ਸਾਥੀ ਹਰਜਿੰਦਰ ਸਿੰਘ (54) ਪੁੱਤਰ ਅਜੀਤ ਸਿੰਘ ਵਾਸੀ ਗੁਰੂ ਗਿਆਨ ਵਿਹਾਰ ਜਵੱਦੀ ਖੁਰਦ ਨੂੰ ਗ੍ਰਿਫਤਾਰ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਸਾਮ ਤੋਂ ਫੋਨ ਕਰ ਕੇ ਯੂ. ਪੀ. ਵਿਚ ਅਫੀਮ ਦੀ ਡਲਿਵਰੀ ਮਿਲਦੀ
ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਨੇ ਦੱਸਿਆ ਕਿ ਅਸਾਮ ਦੇ ਇਕ ਵਿਅਕਤੀ ਨੂੰ ਫੋਨ ਕਰ ਕੇ ਅਫੀਮ ਦਾ ਆਰਡਰ ਦਿੰਦੇ ਸਨ। ਜਿਸ ਤੋਂ ਬਾਅਦ ਇਹ ਲੋਕ ਉਸ ਵਿਅਕਤੀ ਦੇ ਬੈਂਕ ਖਾਤੇ 'ਚ ਪੈਸਾ ਜਮ੍ਹਾ ਕਰਵਾ ਦਿੰਦੇ ਸਨ ਤੇ ਉਹ ਵਿਅਕਤੀ ਅਫੀਮ ਦੀ ਡਲਿਵਰੀ ਉਨ੍ਹਾਂ ਨੂੰ ਟ੍ਰੇਨ ਦੇ ਰਸਤੇ ਮੁਰਾਦਾਬਾਦ ਯੂ. ਪੀ. 'ਚ ਪਹੁੰਚਾ ਦਿੰਦਾ ਸੀ। ਇੱਥੋਂ ਸੰਦੀਪ ਸੰਨੀ ਖੁਦ ਜਾ ਕੇ ਅਫੀਮ ਦੀ ਖੇਪ ਲੈ ਕੇ ਆਉਂਦਾ ਸੀ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਹੋਰਨਾਂ ਸਾਥੀਆਂ ਤੇ ਗਾਹਕਾਂ ਸਬੰਧੀ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇ ਜਿਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਪੁਲਸ ਖੁਲਾਸੇ ਕਰੇਗੀ।