ਬਿਰਧ ਆਸ਼ਰਮ ਦੇ ਨਾਮ ''ਤੇ ਉਗਰਾਹੀ ਕਰਨ ਵਾਲੇ ਠੱਗ ਗਿਰੋਹ ਦਾ ਸਾਬਕਾ ਸਰਪੰਚ ਨੇ ਕੀਤਾ ਪਰਦਾਫਾਸ਼ (ਤਸਵੀਰਾਂ)

10/19/2018 1:41:10 PM

ਮਾਛੀਵਾੜਾ ਸਾਹਿਬ (ਟੱਕਰ) - ਪਿੰਡ ਪਵਾਤ ਦੇ ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਗੁੱਲੂ ਨੇ ਅੱਜ ਬਿਰਧ ਆਸ਼ਰਮ ਦੇ ਨਾਮ 'ਤੇ ਪਿੰਡਾਂ 'ਚ ਲੋਕਾਂ ਦੇ ਘਰ ਜਾ ਕੇ ਓਗਰਾਹੀ ਕਰਨ ਵਾਲੇ ਕਥਿਤ ਠੱਗ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਹੈ, ਜਿਨ੍ਹਾਂ ਨੇ ਭਰੀ ਪੰਚਾਇਤ 'ਚ ਸਾਰਿਆਂ ਤੋਂ ਮੁਆਫ਼ੀ ਮੰਗ ਕੇ ਆਪਣੀ ਜਾਨ ਛੁਡਾਈ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤੌਬਾ ਕੀਤੀ। ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਗੁੱਲੂ ਨੇ ਦੱਸਿਆ ਕਿ ਅੱਜ ਉਸ ਦੇ ਘਰ 2 ਨੌਜਵਾਨ ਜ਼ਿਲਾ ਫਤਹਿਗੜ੍ਹ ਸਾਹਿਬ 'ਚ ਸਥਿਤ ਗੁਰੂ ਸਹਿਬਾਨਾਂ ਦੇ ਨਾਮ 'ਤੇ ਰੱਖੇ ਬਿਰਧ ਆਸ਼ਰਮ ਦੇ ਨਾਂ 'ਤੇ ਚੰਦੇ ਦੀ ਓਗਰਾਹੀ ਕਰਨ ਲਈ ਆਏ ਸਨ। ਉਸ ਨੂੰ ਸ਼ੱਕ ਹੋਇਆ ਕਿ ਇਹ ਪਿੰਡਾਂ 'ਚ ਲੋਕਾਂ ਤੋਂ ਓਗਰਾਹੀ ਲੈ ਕੇ ਠੱਗੀ ਤੇ ਧੋਖਾਧੜੀ ਕਰ ਰਹੇ ਹਨ। 

ਉਸ ਨੇ ਦੋਵਾਂ ਨੌਜਵਾਨਾਂ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਓਗਰਾਹੀ ਕਰਨ ਵਾਲੀਆਂ ਪਰਚੀਆਂ 'ਤੇ ਲਿਖੇ ਫੋਨ ਨੰਬਰਾਂ 'ਤੇ ਪਤਾ ਕੀਤਾ ਤਾਂ ਲੜਕੀ ਨੇ ਦੱਸਿਆ ਕਿ ਉਹ ਫਤਹਿਗੜ੍ਹ ਸਾਹਿਬ ਜ਼ਿਲੇ 'ਚ ਬਿਰਧ ਆਸ਼ਰਮ ਚਲਾਉਂਦੇ ਹਨ, ਜਿੱਥੇ 20 ਬਜ਼ੁਰਗਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਸਰਪੰਚ ਵਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਆਪ ਆ ਕੇ ਬਿਰਧ ਆਸ਼ਰਮ ਦੇਖਣਗੇ ਤਾਂ ਉਸ ਨੇ ਕਿਹਾ ਕਿ ਕੇਵਲ 3 ਬਜ਼ੁਰਗ ਹੀ ਰਹਿੰਦੇ ਹਨ ਅਤੇ 20 ਵਿਅਕਤੀਆਂ ਨੂੰ ਤਨਖਾਹ 'ਤੇ ਰੱਖਿਆ ਹੈ, ਜੋ ਪਿੰਡਾਂ 'ਚ ਲੋਕਾਂ ਤੋਂ ਬਿਰਧ ਆਸ਼ਰਮ ਦੇ ਨਾਮ 'ਤੇ ਓਗਰਾਹੀ ਕਰਕੇ ਲਿਆਉਂਦੇ ਹਨ। ਓਗਰਾਹੀ ਦੇ ਕੁੱਝ ਪੈਸਾ ਉਹ ਆਪਣੇ ਬਿਰਧ ਆਸ਼ਰਮ 'ਤੇ ਖਰਚ ਕਰਦੇ ਹਨ ਅਤੇ ਬਾਕੀ ਪੈਸੇ ਜ਼ਿਲਾ ਪਟਿਆਲਾ ਦੇ ਬਿਰਧ ਆਸ਼ਰਮ ਭੇਜਦੇ ਹਨ।

ਸਾਬਕਾ ਸਰਪੰਚ ਨੂੰ ਓਗਰਾਹੀ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਕਦੇ ਵੀ ਕੋਈ ਬਿਰਧ ਆਸ਼ਰਮ ਨਹੀਂ ਦੇਖਿਆ। ਇਸ ਆਸ਼ਰਮ ਦੀ ਸੰਚਾਲਕਾ ਕਹਾਉਣ ਵਾਲੀ ਔਰਤ ਉਨ੍ਹਾਂ ਨੂੰ ਦਫ਼ਤਰ 'ਚ ਮਿਲਦੀ ਹੈ, ਜਿੱਥੇ ਉਹ ਉਸ ਨੂੰ ਸਾਰੀ ਓਗਰਾਹੀ ਦੇ ਦਿੰਦੇ ਹਨ। ਇਸ ਕੰਮ ਲਈ ਉਨ੍ਹਾਂ ਨੂੰ ਮਹੀਨੇ ਦੇ 6 ਹਜ਼ਾਰ ਰੁਪਏ ਮਿਲਦੇ ਹਨ ਅਤੇ ਬਾਕੀ ਪੈਸੇ ਉਹ ਓਗਰਾਹੀ 'ਚੋਂ ਰੱਖ ਲੈਂਦੇ ਹਨ।ਇਸ ਤੋਂ ਬਾਅਦ ਪਿੰਡ ਪਵਾਤ ਦੇ ਸਾਬਕਾ ਸਰਪੰਚ ਨਰਿੰਦਰਜੀਤ ਅਤੇ ਹੋਰ ਲੋਕਾਂ ਸਾਹਮਣੇ ਉਕਤ ਨੌਜਵਾਨਾਂ ਨੇ ਲਿਖਤੀ ਰੂਪ 'ਚ ਮੁਆਫ਼ੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਉਹ ਅਜਿਹਾ ਗਲਤ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਮੁਆਫੀਨਾਮਾ ਲਿਖਵਾ ਕੇ ਉਕਤ ਨੌਜਵਾਨਾਂ ਨੂੰ ਛੱਡ ਦਿੱਤਾ।