ਬੇਕਾਬੂ ਕੈਂਟਰ ਦੀ ਲਪੇਟ ’ਚ ਆਉਣ ਨਾਲ ਨਰਸਿੰਗ ਵਿਦਿਆਰਥਣ ਦੀ ਮੌਤ

09/19/2018 6:51:34 AM

ਪਟਿਆਲਾ, (ਬਲਜਿੰਦਰ)- ਸ਼ਹਿਰ ਦੀ ਗੁਰੂ ਨਾਨਕ  ਨਗਰ ਪੁਲੀ  ਕੋਲ ਸਵੇਰੇ ਇਕ ਨਰਸਿੰਗ ਵਿਦਿਆਰਥਣ ਦੀ ਤੇਜ਼ ਰਫਤਾਰ ਕੈਂਟਰ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਉਸ ਦੀ ਸਾਥਣ ਜ਼ਖਮੀ ਹੋ ਗਈ, ਜਿਸ ਦੀ ਹਾਲਤ ਗੰਭੀਰ  ਹੈ। ਮ੍ਰਿਤਕਾ ਦੀ ਪਛਾਣ ਪਰਮਜੀਤ ਕੌਰ (25) ਵਾਸੀ ਭੂਨੀ ਜ਼ਿਲਾ ਅੰਬਾਲਾ  ਵਜੋਂ  ਹੋਈ  ਹੈ। ਜ਼ਖਮੀ ਵਿਦਿਆਰਥਣ ਪਲਵਿੰਦਰ ਕੌਰ ਦੀ ਉਮਰ 19 ਸਾਲ ਹੈ। 
ਪੁਲਸ ਨੇ ਮ੍ਰਿਤਕ ਵਿਦਿਆਰਥਣ ਦੇ ਪਿਤਾ ਸੁੱਖਾ ਸਿੰਘ ਦੀ ਸ਼ਿਕਾਇਤ ’ਤੇ ਕੈਂਟਰ ਡਰਾਈਵਰ ਚੰਨਣ ਸਿੰਘ ਵਾਸੀ ਕਾਂਸੀਆਂ ਖੁਰਦ ਤਰਨਤਾਰਨ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਥਾਣਾ ਅਰਬਨ ਅਸਟੇਟ ਦੇ ਐੈੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਕੀਤੀ।
 ਮਿਲੀ ਜਾਣਕਾਰੀ ਮੁਤਾਬਕ ਦੋਵੇਂ ਵਿਦਿਆਰਥਣਾਂ ਨੇ 2 ਮਹੀਨੇ ਪਹਿਲਾਂ ਸਰਹਿੰਦ ਰੋਡ ’ਤੇ ਸਥਿਤ ਨਰਸਿੰਗ ਕਾਲਜ ਵਿਚ ਦਾਖਲਾ ਲਿਆ ਸੀ। ਰੋਜ਼ਾਨਾ ਕਲਾਸਾਂ ਲਾਉਣ ਤੋਂ ਬਾਅਦ ਇਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਪ੍ਰੈਕਟਿਸ ਵੀ ਕਰਦੀਆਂ ਸਨ। ਦੋਵੇਂ ਸਕੂਟਰੀ ’ਤੇ ਪਿੰਡੋਂ ਆਉਂਦੀਆਂ ਸਨ ਅਤੇ ਪਟਿਆਲਾ ਰਹਿਣ ਦੀ ਯੋਜਨਾ ਬਣਾ ਰਹੀਆਂ ਸਨ। ਅੱਜ ਜਦੋਂ ਉਹ ਸਵੇਰੇ ਨਰਸਿੰਗ ਕਾਲਜ ਜਾ ਰਹੀਆਂ ਸਨ ਤਾਂ ਗੁਰੂ ਨਾਨਕ ਨਗਰ ਪੁਲੀ  ਕੋਲ ਸਕੂਟਰੀ ਬੇਕਾਬੂ ਹੋ ਕੇ ਕੈਂਟਰ ਦੀ ਲਪੇਟ ਵਿਚ ਆ ਗਈਅਾਂ। ਹਾਦਸੇ  ਵਿਚ  ਪਰਮਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦੀ ਸਹੇਲੀ ਪਲਵਿੰਦਰ ਕੌਰ ਜ਼ਖਮੀ ਹੋ ਗਈ। ਪਹਿਲਾਂ ਪਲਵਿੰਦਰ ਕੌਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਾਅਦ ਵਿਚ ਉਸ ਨੂੰ ਪੀ. ਜੀ. ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਸੀ।