ਗੈਰ ਸਮਾਰਟ ਕਾਰਡ ਧਾਰਕਾਂ ਨੂੰ ਮੁਫਤ ਮੁਹੱਈਆ ਕਰਵਾਇਆ ਜਾਵੇਗਾ ਰਾਸ਼ਣ : ਡੀ. ਸੀ. ਸੰਗਰੂਰ

05/31/2020 12:23:55 AM

ਸੰਗਰੂਰ,(ਸਿੰਗਲਾ) : ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਆਤਮ ਨਿਰਭਰ ਯੋਜਨਾ ਤਹਿਤ ਗੈਰ ਸਮਾਰਟ ਕਾਰਡ ਧਾਰਕਾਂ ਨੂੰ ਮੁਫ਼ਤ ਰਾਸ਼ਣ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਆਤਮ ਨਿਰਭਰ ਸਕੀਮ ਦੇ ਤਹਿਤ ਅਜਿਹੇ ਲੋੜਵੰਦ ਵਿਅਕਤੀ, ਪ੍ਰਵਾਸੀ ਮਜ਼ਦੂਰਾਂ ਨੂੰ ਵੀ ਮੁਫ਼ਤ ਰਾਸ਼ਣ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜੋ ਸਮਾਰਟ ਰਾਸ਼ਨ ਕਾਰਡ ਧਾਰਕ ਨਹੀਂ ਹਨ। ਇਨ੍ਹਾਂ ਵਿਅਕਤੀਆਂ ਦੀ ਪਛਾਣ ਦਾ ਜਿੰਮਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਇਸ ਯੋਜਨਾ ਨੂੰ ਅਮਲੀ ਤੌਰ ਉੱਤੇ ਲਾਗੂ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਇਜ਼ਾ ਲੈਂਦੇ ਹੋਏ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪ੍ਰਵਾਸੀ ਮਜ਼ਦੂਰਾਂ ਤੋਂ ਇਲਾਵਾ ਰਜਿਸਟਰਡ ਕਾਮੇ/ਭੱਠਿਆਂ 'ਤੇ ਕੰਮ ਕਰਦੇ ਮਜ਼ਦੂਰ ਵੀ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਾਰੇ ਪੰਜਾਬ ਵਿੱਚ ਲਗਭਗ 14.10 ਲੱਖ ਲੋੜਵੰਦ ਇਸ ਸਕੀਮ ਅਧੀਨ ਕਵਰ ਕੀਤੇ ਜਾਣੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦਸਿਆ ਕਿ ਲਾਕਡਾਊਨ ਕਾਰਨ ਇਥੇ ਫਸੇ ਪ੍ਰਵਾਸੀਆਂ ਅਤੇ ਹੋਰ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਖਿਆਲ ਕਰਦਿਆਂ 'ਆਤਮ ਨਿਰਭਰ ਭਾਰਤ' ਸਕੀਮ ਤਹਿਤ ਮੁਫ਼ਤ ਅਨਾਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ, ਇੰਡਸਟਰੀਅਲ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਕੰਸਟਰਕਸ਼ਨ ਮਜ਼ਦੂਰਾਂ ਤੇ ਹੋਰ ਮਜ਼ਦੂਰਾਂ ਜਿਨ੍ਹਾਂ ਕੋਲ ਸਮਾਰਟ ਜਾਂ ਨੀਲਾ ਕਾਰਡ ਨਹੀਂ ਹੈ ਨੂੰ ਆਟਾ, ਦਾਲ ਤੇ ਚੀਨੀ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪਰਿਵਾਰ ਦੇ ਹਰੇਕ ਮੈਂਬਰ ਨੂੰ ਪ੍ਰਤੀ ਮਹੀਨਾ ਪੰਜ ਕਿਲੋ ਆਟਾ ਤੇ ਪ੍ਰਤੀ ਪਰਿਵਾਰ ਇਕ ਕਿੱਲੋ ਦਾਲ ਤੇ ਅੱਧਾ ਕਿੱਲੋ ਚੀਨੀ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਲਈ ਓਵਰ ਆਲ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਸ਼ਨਾਖਤ ਲਈ ਜ਼ਿਲ੍ਹੇ ਦੇ ਸਾਰੇ ਉਪ ਮੰਡਲ ਮੈਜਿਸਟਰੇਟ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਜੋ ਸੈਕਟਰ ਅਫ਼ਸਰਾਂ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਕਾਰਜ ਸਾਧਕ ਅਫ਼ਸਰਾਂ ਰਾਹੀ ਪ੍ਰਵਾਸੀ ਮਜ਼ਦੂਰਾਂ ਦੀ ਸ਼ਨਾਖ਼ਤ ਕਰਨਾ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਰਾਜ ਵਿੱਚ ਲੱਗੇ ਲਾਕਡਾਊਨ/ਕਰਫਿਊ ਵਿੱਚ ਲਗਭਗ 36.6 ਲੱਖ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਦੇ ਕਰੀਬ 1.41 ਲੋਕਾਂ ਨੂੰ ਪ੍ਰਧਾਨ  ਮੰਤਰੀਗਰੀਬਕਲਿਆਣਅੰਨਯੋਜਨਾ'ਅਧੀਨਵੀ 15 ਕਿਲੋ ਕਣਕ ਪ੍ਰਤੀ ਜੀਅ ਅਤੇ 3 ਕਿਲੋ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 3 ਮਹੀਨੇ ਦਾ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਐਸ.ਡੀ. ਐਮ ਮਲੇਰਕੋਟਲਾ ਵਿਕਰਮਜੀਤ ਸਿੰਘ ਪਾਂਥੇ, ਐਸ ਡੀ ਐਮ ਲਹਿਰਾ ਸੂਬਾ ਸਿੰਘ, ਐਸ ਡੀ ਐਮ ਬਬਨਦੀਪ ਸਿੰਘ ਵਾਲੀਆ, ਐਸ ਡੀ ਐਮ ਧੂਰੀ ਲਤੀਫ਼ ਅਹਿਮਦ, ਐਸ ਡੀ ਐਮ ਸੁਨਾਮ ਮਨਜੀਤ ਕੌਰ, ਐਸ ਡੀ ਐਮ ਦਿੜ੍ਹਬਾ ਮਨਜੀਤ ਸਿੰਘ ਚੀਮਾ, ਸਹਾਇਕ ਕਮਿਸ਼ਨਰ ਅੰਕੁਰ ਮਹਿੰਦਰੂ, ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਤਰਵਿੰਦਰ ਸਿੰਘ ਚੋਪੜਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

Deepak Kumar

This news is Content Editor Deepak Kumar