ਵਿਦਿਆਰਥਣਾਂ ਨੂੰ ਮੈਸੇਜ ਭੇਜਣ ਵਾਲੇ ਪੀ. ਟੀ. ਆਈ. ’ਤੇ ਕਿਉਂ ਨਹੀਂ ਦਰਜ ਕਰਵਾਇਆ ਕੇਸ?

06/10/2022 6:02:56 PM

ਲੁਧਿਆਣਾ (ਵਿੱਕੀ) :  ਇਕ ਮਹੀਨਾ ਪਹਿਲਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਵਲੋਂ ਲੁਧਿਆਣਾ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੀ. ਟੀ. ਆਈ. ਅਧਿਆਪਕ ਖ਼ਿਲਾਫ਼ ਸਕੂਲ ਦੀਆਂ ਵਿਦਿਆਰਥਣਾਂ ਨੂੰ ਰਾਤ ਸਮੇਂ ਮੋਬਾਇਲ ’ਤੇ ਇਤਰਾਜ਼ਯੋਗ ਮੈਸੇਜ ਭੇਜਣ ਸਬੰਧੀ ਮਿਲੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਉਸ ਨੂੰ ਦੋਸ਼ੀ ਪਾਏ ਜਾਣ ’ਤੇ ਫੌਰਨ ਸਸਪੈਂਡ ਕਰ ਦਿੱਤਾ ਗਿਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਲਈ ਵਿਭਾਗ ਨੇ ਇਕ ਜਾਂਚ ਟੀਮ ਬਣਾਈ ਸੀ, ਜਿਸ ਦੀ ਰਿਪੋਰਟ ਤੋਂ ਬਾਅਦ ਉਕਤ ਕਾਰਵਾਈ ਕੀਤੀ ਗਈ ਪਰ ਹੁਣ ਇਹ ਮਾਮਲਾ ਪੰਜਾਬ ਚਾਈਲਡ ਰਾਈਟ ਕਮਿਸ਼ਨ ਕੋਲ ਪੁੱਜ ਗਿਆ ਹੈ, ਜਿਸ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਮਾਮਲੇ ’ਚ ਢੁੱਕਵੀਂ ਕਾਰਵਾਈ ਨਾ ਕਰਨ ਕਰ ਕੇ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।

ਇਹ ਵੀ ਪੜ੍ਹੋ- ਤਲਵੰਡੀ ਸਾਬੋ ਵਿਖੇ ਗੁਰਦੁਆਰਾ ਸਾਹਿਬ ’ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਅਗਨ ਭੇਟ

ਕਮਿਸ਼ਨ ਵਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਉਕਤ ਮਾਮਲੇ ਸਬੰਧੀ ਇਕ ਆਰਗੇਨਾਈਜ਼ੇਸ਼ਨ ਵਲੋਂ ਸ਼ਿਕਾਇਤ ਮਿਲੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਉਕਤ ਪੀ. ਟੀ. ਆਈ. ਅਧਿਆਪਕ ਵਲੋਂ ਸਕੂਲ ਵਿਚ ਪੜ੍ਹ ਰਹੀਆਂ ਬੱਚੀਆਂ ਨੂੰ ਦੇਰ ਰਾਤ ਮੈਸੇਜ ਕੀਤਾ ਜਾਂਦਾ ਸੀ, ਜਿਸ ਨੂੰ ਡੀ. ਈ. ਓ. ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਪਰ ਸਕੂਲ ਪ੍ਰਿੰਸੀਪਲ ਵਲੋਂ ਉਕਤ ਅਧਿਆਪਕ ਖਿਲਾਫ ਕੇਸ ਦਰਜ ਨਹੀਂ ਕਰਵਾਇਆ ਗਿਆ, ਜੋ ਕਿ ਪੋਕਸੋ ਐਕਟ-2012 ਤਹਿਤ ਜੁਰਮ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਪ੍ਰਾਈਵੇਟ ਸਕੂਲਾਂ ਵਿਰੁੱਧ ਜ਼ਿਲ੍ਹਾ ਰੈਗੂਲੇਟਰੀ ਬਾਡੀ ਦੀ ਵੱਡੀ ਕਾਰਵਾਈ, ਜਾਰੀ ਕੀਤਾ ਨੋਟਿਸ

ਕਮਿਸ਼ਨ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਵਲੋਂ ਜਾਰੀ ਨੋਟਿਸ ਵਿਚ ਡੀ. ਈ. ਓ. (ਸੈਕੰਡਰੀ) ਨੂੰ ਮੁਲਜ਼ਮ ਅਧਿਆਪਕ ਖਿਲਾਫ ਐੱਫ. ਆਈ. ਆਰ. ਦਰਜ ਨਾ ਕਰਵਾਏ ਜਾਣ ਦਾ ਕਾਰਨ ਅਤੇ ਰਿਪੋਰਟ 13 ਜੂਨ ਤੱਕ ਈ-ਮੇਲ ਰਾਹੀਂ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha