ਕੂੜਾ ਸੁੱਟਣ ਵਾਲੀ ਜਗ੍ਹਾ 'ਤੇ ਸ਼ਰਾਰਤੀ ਅਨਸਰਾਂ ਨੇ ਲਹਿਰਾਇਆ ਨਿਸ਼ਾਨ ਸਾਹਿਬ, SGPC ਕੋਲ ਪੁੱਜਾ ਮਾਮਲਾ

11/11/2020 11:13:50 AM

ਜਲਾਲਾਬਾਦ (ਮਿੱਕੀ): ਉਪਮੰਡਲ ਜਲਾਲਾਬਾਦ ਅਧੀਨ ਪੈਂਦੇ ਪਿੰਡ ਚੱਕ ਮੌਜਦੀਨ ਵਾਲਾ (ਸੁਰਘੂਰੀ) ਵਿਖੇ ਸਿੱਖ ਧਰਮ ਦੇ ਧਾਰਮਿਕ ਚਿੰਨ੍ਹ ਅਤੇ ਫਤਿਹ ਦਾ ਪ੍ਰਤੀਕ ਮੰਨੇ ਜਾਣ ਵਾਲੇ ਸ੍ਰੀ ਨਿਸ਼ਾਨ ਸਾਹਿਬ ਨੂੰ ਰੂੜੀ ਸੁੱਟਣ ਵਾਲੀ ਜਗ੍ਹਾ 'ਤੇ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਰਤੀ ਅਨਸਰਾਂ ਵਲੋਂ ਸ੍ਰੀ ਨਿਸ਼ਾਨ ਸਾਹਿਬ ਦੀ ਕੀਤੀ ਗਈ ਇਸ ਬੇਅਦਬੀ ਨੂੰ ਲੈ ਕੇ ਸਿੱਖ ਸੰਗਤ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਜਦਕਿ ਪੁਲਸ ਵਲੋਂ ਬੇਅਦਬੀ ਦੇ ਦੋਸ਼ 'ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਭਾਰਤ ਅੰਦਰ ਦਾਖ਼ਲ ਹੋਣ ਦੀ ਤਾਕ 'ਚ ਪਾਕਿਸਤਾਨੀ ਡ੍ਰੋਨ,ਜਵਾਨਾਂ ਵੱਲੋਂ ਫਾਇਰਿੰਗ ਕਰਨ 'ਤੇ ਮੁੜਿਆ ਵਾਪਸ

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਪੰਕਜ ਮਲਹੋਤਰਾ ਪੁੱਤਰ ਸੁਸ਼ੀਲ ਮਲਹੋਤਰਾ ਨੇ ਦੱਸਿਆ ਕਿ ਪਿੰਡ 'ਚ ਉਸ ਦੀ ਜਗ੍ਹਾ ਖਾਲੀ ਪਈ ਹੈ, ਜਿਸ 'ਤੇ ਗੋਹਾ-ਕੂੜਾ (ਰੂੜੀ) ਸੁੱਟੀ ਹੋਈ ਹੈ ਅਤੇ ਪਿੰਡ ਦੇ ਕੁਝ ਵਿਅਕਤੀ ਉਸ ਨਾਲ ਰੰਜਿਸ਼ ਰੱਖਦੇ ਹਨ, ਜਿਨ੍ਹਾਂ ਨੇ ਬੀਤੀ ਰਾਤ ਉਕਤ ਰੂੜੀ ਵਾਲੀ ਜਗ੍ਹਾ 'ਤੇ ਸਿੱਖ ਧਰਮ ਦਾ ਧਾਰਮਿਕ ਚਿੰਨ੍ਹ ਸ੍ਰੀ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਅਤੇ ਰੂੜੀ ਵਾਲੀ ਜਗ੍ਹਾ 'ਤੇ ਸ੍ਰੀ ਨਿਸ਼ਾਨ ਸਾਹਿਬ ਲਾਉਣ ਕਾਰਣ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਸਬੰਧੀ ਉਨ੍ਹਾਂ ਵਲੋਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ ਗਿਆ ਅਤੇ ਨਾਲ ਹੀ ਥਾਣਾ ਵੈਰੋਕੇ ਪੁਲਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਐੱਸ.ਜੀ.ਪੀ.ਸੀ. ਪ੍ਰਚਾਰਕਾਂ ਨੇ ਕੀਤੀ ਸਖ਼ਤ ਸਜ਼ਾ ਦੀ ਮੰਗ
ਉੱਧਰ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਮੌਕੇ 'ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਪ੍ਰਚਾਰਕ ਸੁਰਜੀਤ ਸਿੰਘ ਅਤੇ ਪ੍ਰਚਾਰਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਇਕ ਮੰਦਭਾਗੀ ਘਟਨਾ ਹੈ, ਜਿਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਇਸ ਅਤਿ ਨਿੰਦਣਯੋਗ ਘਟਨਾ ਸਬੰਧੀ ਉਨ੍ਹਾਂ ਵਲੋਂ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾ ਰਹੀ ਹੈ ਅਤੇ ਨਾਲ ਹੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ।

 

ਇਹ ਵੀ ਪੜ੍ਹੋ: ਨੂੰਹ 'ਤੇ ਆਇਆ ਦਿਲ, ਇਸ਼ਕ 'ਚ ਅੰਨ੍ਹੇ ਸਹੁਰੇ ਨੇ ਪੁੱਤ ਨੂੰ ਦਿੱਤੀ ਖੌਫ਼ਨਾਕ ਮੌਤ

ਗ੍ਰਿਫ਼ਤਾਰੀ ਨੂੰ ਲੈ ਕੇ ਸਸਪੈਂਸ ਜਾਰੀ
ਉੱਧਰ ਇਸ ਘਟਨਾ ਸਬੰਧੀ ਜਦੋਂ ਥਾਣਾ ਵੈਰੋਕੇ ਦੇ ਮੁੱਖੀ ਪਰਮਜੀਤ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸ਼ਕਾਇਤ ਦੇ ਅਧਾਰ 'ਤੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਅਗਾਮੀ ਕਾਰਵਾਈ ਜਾਰੀ ਹੈ। ਜਦਕਿ ਉੱਧਰ ਦੂਜੇ ਪਾਸੇ ਸੰਗਤ ਦਾ ਕਹਿਣਾ ਹੈ ਕਿ ਬੇਅਦਬੀ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਕਰਵਾਈ ਗਈ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ ਸਾਰੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ।

ਇਹ ਵੀ ਪੜ੍ਹੋ: ਸ਼ਰੇਆਮ ਦਿਨ ਦਿਹਾੜੇ ਪਿਓ-ਪੁੱਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ 

Shyna

This news is Content Editor Shyna