NIA ਦਿੱਲੀ ਵੱਲੋਂ ਸਮਾਜ ਸੇਵੀ ਜਥੇਦਾਰ ਜਗਸੀਰ ਸਿੰਘ ਖ਼ਾਲਸਾ ਨੂੰ ਨੋਟਿਸ

01/17/2021 5:40:47 PM

ਤਪਾ ਮੰਡੀ (ਸ਼ਾਮ,ਗਰਗ)- ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਦਿਨ-ਰਾਤ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਉਥੇ ਹੀ ਇਨ੍ਹਾਂ ਮੋਰਚਿਆਂ ਵਿੱਚ ਵੱਖੋ -ਵੱਖਰੀਆਂ ਸਮਾਜ ਸੇਵੀ ਸੰਸਥਾਵਾਂ ਆਪਣਾ ਵਿਸ਼ੇਸ਼ ਸਹਿਯੋਗ ਦੇ ਰਹੀਆਂ ਹਨ ਪਰ ਹੁਣ ਇਨ੍ਹਾਂ ਸਮਾਜ ਸੇਵੀਆਂ ਨੂੰ ਐੱਨ.ਆਈ.ਏ. ਦਿੱਲੀ ਵੱਲੋਂ ਨੋਟਿਸ ਜਾਰੀ ਹੋ ਰਹੇ ਹਨ। ਪਿੰਡ ਮੌੜ ਨਾਭਾ ਦੇ ਉੱਘੇ ਸਮਾਜ ਸੇਵੀ ਅਤੇ ਸਿੱਖ "ਸੇਵਾ ਸੁਸਾਇਟੀ ਪੰਜਾਬ ਦੇ ਪ੍ਰਬੰਧਕ" ਜਥੇਦਾਰ ਜਗਸੀਰ ਸਿੰਘ ਖ਼ਾਲਸਾ ਨੂੰ ਵੀ ਦਿੱਲੀ ਐੱਨ.ਆਈ.ਏ.ਵੱਲੋਂ ਇਕ ਨੋਟਿਸ ਜਾਰੀ ਹੋਇਆ ਹੈ। ਉਨ੍ਹਾਂ ਨੇ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਐੱਨ.ਆਈ.ਏ. ਦਿੱਲੀ ਦਫ਼ਤਰ ਤੋਂ ਫ਼ੋਨ ਕਰਕੇ ਨੋਟਿਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਮੋਬਾਇਲ, ਵਟਸਐਪ ਰਾਹੀਂ ਵੀ ਇਕ ਨੋਟਿਸ ਮਿਲਿਆ ਹੈ, ਜਿਸ ਵਿਚ 17 ਜਨਵਰੀ 2021 ਨੂੰ ਐਨ.ਆਈ.ਏ. ਦਫ਼ਤਰ ਦਿੱਲੀ ਪੇਸ਼ ਹੋਣ ਬਾਰੇ ਕਿਹਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਿਸੇ ਵੀ ਹੋਰ ਸੰਸਥਾਵਾਂ ਨਾਲ ਸਬੰਧ ਨਹੀਂ ਹੈ ਪਰ ਜੋ ਦਿਲੀ ਐੱਨ.ਆਈ.ਏ. ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਹੈ, ਉਸ ਸਰਾਸਰ ਕੇਂਦਰ ਦੀ ਮੋਦੀ ਸਰਕਾਰ ਦੀ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਰਾਹੀਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਘਰੇਲੂ ਰਾਸ਼ਨ, ਮਕਾਨ ਬਣਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਸਿੱਖਿਆ ਲਈ ਮਦਦ ਦੇਣ ਤੋਂ ਇਲਾਵਾ ਸਮਾਜ ਸੇਵਾ ਰਾਹੀਂ ਆਪਣਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦਾ ਕਿਸੇ ਵੀ ਹੋਰ ਗਲਤ ਵਿਅਕਤੀਆਂ ਨਾਲ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨ ਭਰਾਵਾਂ ਲਈ ਉਨ੍ਹਾਂ ਨੇ ਦੇਸੀ ਗੀਜ਼ਰ, ਰਜਾਈਆਂ, ਕੰਬਲ ਭੇਜੇ ਸਨ, ਜਿਸ ਨੂੰ ਲੈ ਕੇ ਇਹ ਨੋਟਿਸ ਆਇਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਮਾਜ ਸੇਵਾ ਲਈ ਦਿਨ ਰਾਤ ਆਪਣਾ ਬਣਦਾ ਸਹਿਯੋਗ ਦੇ ਰਹੇ ਸਨ ਅਤੇ ਅਜਿਹੇ ਵਿਚ ਉਹ ਡਰ ਕੇ ਪਿੱਛੇ ਮੁੜਨ ਵਾਲੇ ਨਹੀਂ ਹਨ। ਜੇਕਰ ਸਮਾਜ ਸੇਵੀਆਂ ਨੂੰ ਹੀ ਨੋਟਿਸ ਆਉਣ ਲੱਗ ਪਏ ਤਾਂ ਸਾਰੀ ਮਨੁੱਖਤਾ ਹੀ ਖ਼ਤਮ ਹੋ ਜਾਵੇਗੀ ਅਤੇ ਅੱਗੇ ਤੋਂ ਸਮਾਜ ਸੇਵੀ ਸਮਾਜ ਸੇਵਾ ਹੀ ਬੰਦ ਕਰ ਦੇਣਗੇ। ਇਹ ਨੋਟਿਸ ਕੇਂਦਰ ਸਰਕਾਰ ਦੀ ਨਾਕਾਮੀ ਸਾਬਤ ਹੋ ਰਹੇ ਹਨ, ਜੋ ਇਨ੍ਹਾਂ ਨੋਟਿਸਾਂ ਰਾਹੀਂ ਡਰਾ-ਧਮਕਾ ਰਹੇ ਹਨ।

cherry

This news is Content Editor cherry