ਇਲਾਜ ’ਚ ਲਾਪ੍ਰਵਾਹੀ: ਨਵਜਾਤ ਬੱਚੇ ਦੀ ਮੌਤ

02/18/2020 10:32:22 PM

ਮੋਗਾ, (ਸੰਜੀਵ)– ਪਿੰਡ ਬਸ਼ਨੰਦੀ ’ਚ ਵਿਆਹੀ ਔਰਤ ਦੇ ਲੇਬਰ ਪੇਨ ਹੋਣ ’ਤੇ ਇਕ ਆਸ਼ਾ ਵਰਕਰ ਦੀ ਲਾਪ੍ਰਵਾਹੀ ਨਾਲ ਨਵਜਾਤ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਬਸ਼ਨੰਦੀ ’ਚ ਵਿਆਹੀ ਔਰਤ ਵੀਰਪਾਲ ਕੌਰ ਪਤਨੀ ਜਸਵੀਰ ਸਿੰਘ ਆਪਣੀ ਡਲਿਵਰੀ ਸਮੇਂ ਆਪਣੇ ਪੇਕੇ ਪਿੰਡ ਖੁਖਰਾਨਾ ਆਈ ਹੋਈ ਸੀ। ਉਨ੍ਹਾਂ ਨੇ ਡਲਿਵਰੀ ਸਬੰਧੀ ਇਕ ਆਸ਼ਾ ਵਰਕਰ ਨਾਲ ਗੱਲ ਵੀ ਕੀਤੀ ਹੋਈ ਸੀ। ਸੋਮਵਾਰ ਦੁਪਹਿਰ ਔਰਤ ਦੇ ਲੇਬਰ ਪੇਨ ਹੋਣ ’ਤੇ ਆਸ਼ਾ ਵਰਕਰ ਨੂੰ ਫੋਨ ਕੀਤਾ ਗਿਆ ਪਰ ਉਸ ਨੇ ਪਿੰਡ ਡਰੋਲੀ ਭਰਾ ’ਚ ਆਸ਼ਾ ਵਰਕਰਾਂ ਦੀ ਮੀਟਿੰਗ ’ਚ ਹੋਣ ਦੀ ਗੱਲ ਕਹੀ ਅਤੇ ਔਰਤ ਨੂੰ ਪਿੰਡ ਡਰੋਲੀ ਭਰਾ ਆਉਣ ਨੂੰ ਕਿਹਾ ਪਰ ਲੇਬਰ ਪੇਨ ਜ਼ਿਆਦਾ ਹੋਣ ਕਾਰਣ ਪੇਕੇ ਵਾਲਿਆਂ ਨੇ ਉਸ ਨੂੰ ਪਿੰਡ ਦੌਲਤਪੁਰਾ ਨੀਵਾਂ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ, ਜਿਥੇ ਡਾਕਟਰ ਨਾ ਮਿਲਣ ਕਾਰਣ ਪੇਕੇ ਵਾਲਿਆਂ ਨੇ ਫਿਰ ਆਸ਼ਾ ਵਰਕਰ ਨੂੰ ਫੋਨ ਕੀਤਾ। ਇਸ ਵਾਰੀ ਉਸ ਨੇ ਕੋਈ ਵਾਹਨ ਨਾ ਹੋਣ ਦੀ ਗੱਲ ਕਹੀ, ਜਿਸ ’ਤੇ ਪਿੰਡ ਦੌਲਤਪੁਰਾ ਨੀਵਾਂ ਦੇ ਹਸਪਤਾਲ ਦੀ ਨਰਸ ਨੇ ਔਰਤ ਦੀ ਡਲਿਵਰੀ ਕਰਵਾਈ। ਡਲਿਵਰੀ ਉਪਰੰਤ ਨਵਜਾਤ ਬੱਚੇ ਵੱਲੋਂ ਕੋਈ ਹਰਕਤ ਨਾ ਕਰਨ ਅਤੇ ਔਰਤ ਦੀ ਸਿਹਤ ਜ਼ਿਆਦਾ ਖਰਾਬ ਹੋਣ ’ਤੇ ਉਨ੍ਹਾਂ ਫਿਰ ਆਸ਼ਾ ਵਰਕਰ ਨੂੰ ਫੋਨ ਕੀਤਾ ਤਾਂ ਆਸ਼ਾ ਵਰਕਰ ਨੇ ਉਨ੍ਹਾਂ ਨੂੰ ਪਿੰਡ ਡਗਰੂ ਦੇ ਜੀ. ਟੀ. ਰੋਡ ’ਤੇ ਆਉਣ ਨੂੰ ਕਿਹਾ। ਐਂਬੂਲੈਂਸ ਰਾਹੀਂ ਪਿੰਡ ਡਗਰੂ ਆਉਣ ’ਤੇ ਆਸ਼ਾ ਵਰਕਰ ਨੇ ਔਰਤ ਨੂੰ ਮੋਗੇ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਨਵਜਾਤ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਔਰਤ ਦਾ ਇਲਾਜ ਸ਼ੁਰੂ ਕਰ ਦਿੱਤਾ। ਵੀਰਪਾਲ ਕੌਰ ਦੇ ਪਤੀ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਮੋਗੇ ਦੇ ਡਾਕਟਰਾਂ ਨੇ ਪਤਨੀ ਦੀ ਗੰਭੀਰ ਹਾਲਤ ਕਾਰਣ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ’ਚ ਰੈਫਰ ਕਰ ਦਿੱਤਾ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਹੁਰੇ ਪਰਿਵਾਰ ਨੇ ਮੰਗਲਵਾਰ ਨੂੰ ਮ੍ਰਿਤਕ ਨਵਜਾਤ ਬੱਚੇ ਦੀ ਲਾਸ਼ ਹਸਪਤਾਲ ਦੀ ਮੋਰਚਰੀ ’ਚੋਂ ਪ੍ਰਾਪਤ ਕੀਤੀ ਅਤੇ ਪਿੰਡ ਲਈ ਰਵਾਨਾ ਹੋ ਗਏ। ਡਾਕਟਰਾਂ ਅਨੁਸਾਰ ਔਰਤ ਵੀਰਪਾਲ ਕੌਰ ਨੂੰ ਕੋਈ ਔਖੀ ਸਮੱਸਿਆ ਨਹੀਂ ਸੀ ਪਰ ਠੀਕ ਸਮੇਂ ’ਤੇ ਇਲਾਜ ਮਿਲ ਜਾਂਦਾ ਤਾਂ ਮਾਂ ਅਤੇ ਬੱਚਾ ਦੋਵੇਂ ਠੀਕ ਹੁੰਦੇ।


Bharat Thapa

Content Editor

Related News