ਨਵਜੋਤ ਸਿੰਘ ਸਿੱਧੂ ਨੇ ਖਹਿਰਾ ਨਾਲ ਕੀਤੀ ਨਾਭਾ ਜੇਲ੍ਹ ’ਚ ਮੁਲਾਕਾਤ

10/08/2023 5:32:11 PM

ਨਾਭਾ (ਪੁਰੀ, ਭੂਪਾ, ਖੁਰਾਣਾ) : ਕਾਂਗਰਸ ਦੇ ਸੀਨੀਅਰ ਨੇਤਾ ਨਵਜੋਤ ਸਿੰਘ ਸਿੱਧੂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਵਿਚ ਨਿਆਇਕ ਹਿਰਾਸਤ ਵਿਚ ਬੰਦ ਸੁਖਪਾਲ ਖਹਿਰਾ ਨਾਲ ਮੁਲਾਕਾਤ ਕਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਸੁਖਪਾਲ ਖਹਿਰਾ ਨਾਲ ਇਕ ਘੰਟੇ ਦੇ ਕਰੀਬ ਗੱਲਬਾਤ ਕੀਤੀ। ਜੇਲ੍ਹ ਤੋਂ ਬਾਹਰ ਨਿਕਲਦੇ ਹੀ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਉੱਪਰ ਤਿੱਖੇ ਸ਼ਬਦੀ ਹਮਲੇ ਕੀਤੇ, ਜਿਨ੍ਹਾਂ ਕਿਹਾ ਕਿ ਸਰਕਾਰ ਵੱਲੋਂ 2015 ਦੇ ਪੁਰਾਣੇ ਕੇਸ ਵਿਚ ਬਦਲਾਖੋਰੀ ਤਹਿਤ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਰਕਾਰ ਅਜਿਹੇ ਹੱਥਕੰਡੇ ਵਰਤ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਸਰਕਾਰ ਦੀ ਅਜਿਹੀ ਧੱਕੇਸ਼ਾਹੀ ਨਾਲ ਡਰਨ ਵਾਲੇ ਨਹੀਂ ਭਾਵੇਂ ਸਰਕਾਰ ਉਨ੍ਹਾਂ ਨੂੰ ਵੀ ਜੇਲ੍ਹ ਵਿਚ ਸੁੱਟ ਦੇਵੇ। ਇੰਡੀਆ ਗਠਜੋੜ ’ਤੇ ਪੰਜਾਬ ਕਾਂਗਰਸ ਵਿਚ ਉੱਠੇ ਮਤਭੇਦ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਗਠਜੋੜ ਦਾ ਫੈਸਲਾ ਪਾਰਟੀ ਹਾਈਕਮਾਨ ਨੇ ਕਰਨਾ ਹੈ, ਜਿਸ ਦੀ ਪਾਲਨਾ ਨਵਜੋਤ ਸਿੱਧੂ ਸਮੇਤ ਕਾਂਗਰਸੀ ਵਰਕਰ ਕਰਨਗੇ।

ਐੱਸ. ਵਾਈ. ਐੱਲ. ਮੁੱਦੇ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਖੇਤੀਬਾੜੀ ਬਿੱਲਾਂ ’ਤੇ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ ਤਾਂ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਤਾਂ ਉਹ ਪਾਣੀ ਐੱਸ. ਵਾਈ. ਐੱਲ. ਨੂੰ ਕਿੱਥੋਂ ਦੇਣਗੇ। ਸਰਕਾਰਾਂ ਵੱਲੋਂ ਚੋਣਾਂ ਲਈ ਇਹ ਮੁੱਦਾ ਜਾਣ ਬੁਝ ਕੇ ਚੁੱਕਿਆ ਗਿਆ ਹੈ।

Gurminder Singh

This news is Content Editor Gurminder Singh