ਪਿੰਡ ਵਾਸੀਆਂ ਨੇ ਲਾਇਆ ਰਾਸ਼ਟਰੀ ਮਾਰਗ ''ਤੇ ਧਰਨਾ

07/18/2018 7:46:00 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਰਣਜੀਤ ਬਾਵਾ)—ਪਿੰਡ ਬੌਡੇ ਵਿਖੇ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਲੈ ਕੇ ਪਿਛਲੇ 7 ਦਿਨਾਂ ਤੋਂ ਪੰਚਾਇਤ ਅਤੇ ਲੋਕਾਂ 'ਚ ਚੱਲ ਰਹੇ ਟਕਰਾਅ ਨੇ ਅੱਜ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦ ਮੌਕਾ ਦੇਖਣ ਲਈ ਪਹੁੰਚੇ ਬੀ.ਡੀ.ਪੀ.ਓ. ਨਿਹਾਲ ਸਿੰਘ ਵਾਲਾ ਨਾਲ ਲੋਕਾਂ ਦੀ ਤਕਰਾਰ ਹੋ ਗਈ ਅਤੇ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਤੇ ਮੌਕੇ 'ਤੇ ਹਾਜ਼ਰ ਪੰਚਾਇਤ ਸੈਕਟਰੀਆਂ ਨੂੰ ਬੰਦੀ ਬਣਾ ਲਿਆ। ਬੇਸ਼ੱਕ ਬੀ.ਡੀ.ਪੀ.ਓ. ਮੌਕੇ ਤੋਂ ਕਿਸੇ ਹੋਰ ਪ੍ਰਾਈਵੇਟ ਗੱਡੀ ਰਾਹੀਂ ਭੱਜਣ 'ਚ ਸਫਲ ਰਿਹਾ ਪਰ ਬਾਅਦ 'ਚ ਪਿੰਡ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ ਅਤੇ ਬਲਾਕ ਆਗੂ ਬੂਟਾ ਸਿੰਘ ਭਾਗੀਕੇ ਦੀ ਅਗਵਾਈ ਹੇਠ ਮੋਗਾ-ਬਰਨਾਲਾ ਰਾਸ਼ਟਰੀ ਮਾਰਗ 'ਤੇ ਧਰਨਾ ਲਾ ਕੇ ਜਾਮ ਲਾ ਦਿੱਤਾ, ਜੋ ਕਿ ਡੇਢ ਘੰਟਾ ਜਾਰੀ ਰਿਹਾ। 
ਇਸ ਮੌਕੇ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਅਤੇ ਥਾਣਾ ਮੁਖੀ ਬੱਧਨੀ ਕਲਾਂ ਸੁਰਜੀਤ ਸਿੰਘ ਮੌਕੇ 'ਤੇ ਪਹੁੰਚੇ, ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ 17 ਜੁਲਾਈ ਨੂੰ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਰਾਸ਼ਟਰੀ ਮਾਰਗ ਤੋਂ ਧਰਨਾ ਚੁੱਕ ਕੇ ਬੀ.ਡੀ.ਪੀ.ਓ. ਦੀ ਗੱਡੀ ਨੂੰ ਛੱਡਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੇ ਮਸਲਿਆਂ ਨੂੰ ਜਾਣ-ਬੁੱਝ ਕੇ ਲਮਕਾਉਂਦੇ ਹਨ। ਪਿੰਡ ਦੀਆਂ ਗਲੀਆਂ 'ਚ ਖੜ੍ਹੇ ਗੰਦੇ ਪਾਣੀ ਨਾਲ ਜਿੱਥੇ ਔਰਤਾਂ ਤੇ ਮਰਦਾਂ ਨੂੰ ਲੰਘਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਪਿੰਡ 'ਚ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਪੰਚਾਇਤ ਅਤੇ ਬੀ.ਡੀ.ਪੀ.ਓ. ਜਾਣ-ਬੁੱਝ ਕੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾ ਰਹੇ ਸਨ, ਜਿਸ ਕਾਰਨ ਅੱਜ ਉਨ੍ਹਾਂ ਨੂੰ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਿਆ। ਇਸ ਸਮੇਂ ਪ੍ਰਧਾਨ ਅਵਤਾਰ ਸਿੰਘ, ਛਿੰਦਰ ਸਿੰਘ ਬੌਡੇ ਆਦਿ ਹਾਜ਼ਰ ਸਨ।