ਤਸਕਰ ਦੀ ਨਿਸ਼ਾਨਦੇਹੀ ’ਤੇ ਨਾਰਕੋਟਿਕਸ ਕੰਟਰੋਲ ਸੈੱਲ ਦੀ ਪੁਲਸ ਨੇ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ

08/04/2021 12:40:08 PM

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਨਾਰਕੋਟਿਕ ਕੰਟਰੋਲ ਸੈੱਲ ਦੀ ਪੁਲਸ ਨੇ ਏ.ਐਸ.ਆਈ. ਅੰਗਰੇਜ ਸਿੰਘ ਦੀ ਅਗਵਾਈ ਵਿੱਚ ਫੜ੍ਹੇ ਗਏ ਤਸਕਰ ਦੀ ਨਿਸ਼ਾਨਦੇਹੀ ’ਤੇ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਕੀਮਤ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਰਕੋਟਿਕਸ ਕੰਟਰੋਲ ਸੈੱਲ ਦੇ ਇੰਚਾਰਜ ਏ.ਐਸ.ਆਈ. ਅੰਗਰੇਜ ਸਿੰਘ ਆਪਣੀ ਪੁਲਸ ਪਾਰਟੀ ਪਿੰਡ ਮਧਰੇ ਦੇ ਏਰੀਆ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਜਗਦੀਸ਼ ਸਿੰਘ ਉਰਫ ਕਾਲਾ ਪੁੱਤਰ ਮਹਿੰਦਰ ਸਿੰਘ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਵਕਤ ਆਪਣੇ ਮੋਟਰਸਾਈਕਲ ਹੀਰੋ ਹੌਂਡਾ ਡੀਲਕਸ ਨੰਬਰ ਪੀਬੀ-05 ਏਐਸ-5851 ’ਤੇ ਹੈਰੋਇਨ ਵੇਚਣ ਲਈ ਪਿੰਡ ਗੱਟੀ ਰਾਜੋ ਕੇ ਤੋਂ ਫ਼ਿਰੋਜ਼ਪੁਰ ਵੱਲ ਆ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਅੰਗਰੇਜ਼ ਸਿੰਘ ਅਤੇ ਪੁਲਸ ਪਾਰਟੀ ਨੇ ਤੁਰੰਤ ਨਾਕਾਬੰਦੀ ਕਰਕੇ ਨਾਮਜ਼ਦ ਵਿਅਕਤੀ ਨੂੰ ਕਾਬੂ ਕਰਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਮੁੱਢਲੀ ਪੁੱਛਗਿੱਛ ਦੌਰਾਨ ਫੜ੍ਹੇ ਗਏ ਤਸਕਰ ਨੇ ਪੁਲਸ ਕੋਲ ਮੰਨਿਆ ਕਿ ਉਸ ਨੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੇ ਬੀ.ਓ.ਪੀ. ਉੱਲੋ ਕੇ ਦੇ ਅੱਗੇ ਗੇਟ ਨੰਬਰ 188 ਦੇ ਏਰੀਆ ਵਿੱਚ ਕੰਡਿਆਲੀ ਤਾਰ ਤੋਂ ਪਾਰ ਛੁਪਾ ਕੇ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਗਦੀਸ਼ ਕੁਮਾਰ, ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਅਤੇ ਡੀ.ਐੱਸ.ਪੀ. ਜਗਦੀਸ਼ ਕੁਮਾਰ ਨੇ ਬੀ.ਐੱਸ.ਐੱਫ. ਨੂੰ ਨਾਲ ਲੈ ਕੇ ਜਦ ਚੌਂਕੀ ਉੱਲੋ ਕੇ ਏਰੀਆ ਵਿਚ ਸਰਚ ਅਪ੍ਰੇਸ਼ਨ ਕੀਤਾ ਤਾਂ ਤਸਕਰ ਨੇ ਖ਼ੁਦ ਉਸ ਜਗ੍ਹਾ ਤੋਂ ਛੁਪਾ ਕੇ ਰੱਖੀ 600 ਗ੍ਰਾਮ ਹੈਰੋਇਨ ਬਰਾਮਦ ਕਰਵਾਈ।ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਸ ਰਿਮਾਂਡ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰਦੇ ਹੋਏ ਇਹ ਪਤਾ ਲਗਾਇਆ ਜਾਵੇਗਾ ਕਿ ਉਸ ਨੇ ਹੁਣ ਤੱਕ ਪਾਕਿਸਤਾਨ ਤੋਂ ਕਿੰਨੀ ਹੈਰੋਇਨ ਮੰਗਵਾਈ ਹੈ ਅਤੇ ਅੱਗੇ ਕਿੱਥੇ-ਕਿੱਥੇ ਸਪਲਾਈ ਕਰਦਾ ਰਿਹਾ ਹੈ ਅਤੇ ਪਾਕਿਸਤਾਨ ਦੇ ਕਿਹੜੇ ਸਮੱਗਲਰਾਂ ਨਾਲ ਉਸਦੇ ਸਬੰਧ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਵਿੱਚ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਪਿੰਡ ਕਾਦਾ ਬੋੜਾ ਦੇ ਏਰੀਆ ਵਿੱਚ ਸੀ.ਆਈ.ਏ. ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਸੁਖਮਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਸ ਨੇ ਪੁਸ਼ਪਿੰਦਰ ਸਿੰਘ ਉਰਫ ਗੁਰਭੇਜ ਸਿੰਘ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਲਗਭਗ 3 ਕਰੋੜ 15 ਲੱਖ ਰੁਪਏ ਹੈ।

Shyna

This news is Content Editor Shyna