ਨਾਨੀ ਤੇ ਦੋਹਤੇ ਦੀ ਹਥਿਆਰਾਂ ਨਾਲ ਕੀਤੀ ਕੁੱਟ-ਮਾਰ ਹਸਪਤਾਲ ’ਚ ਨਾਨੀ ਦੀ ਮੌਤ

09/24/2018 5:08:10 AM

ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਬੀਤੇ ਦਿਨੀਂ ਨਾਨੀ ਤੇ ਦੋਹਤੇ ਨੂੰ ਹਥਿਆਰਾਂ ਨਾਲ ਸੱਟਾਂ ਮਾਰ ਕੇ ਜ਼ਖਮੀ ਕਰਨ ਤੇ ਜ਼ਖਮੀ ਹੋਈ 65 ਸਾਲਾ ਅੌਰਤ ਦੀ ਹਸਪਤਾਲ ’ਚ ਮੌਤ ਹੋ ਜਾਣ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਸ ਨੇ  2  ਜਾਣ-ਪਛਾਣ ਅਤੇ 5-6 ਅਣਪਛਾਤੇ ਲੋਕਾਂ  ਖਿਲਾਫ ਕਤਲ ਦੇ ਜੁਰਮਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ  ਸਬੰਧੀ ਜਾਣਕਾਰੀ ਦਿੰਦਿਅਾਂ ਪੁਲਸ  ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਮੁੱਦਈ ਵਨੀਤ ਪੁੱਤਰ ਐਨਥਨੀ ਵਾਸੀ ਲਾਲ ਕੁਡ਼ਤੀ ਨੇ ਦੋਸ਼ ਲਾਉਂਦੇ  ਹੋਏ ਦੱਸਿਆ ਕਿ ਉਹ ਆਪਣੀ ਨਾਨੀ ਜਾਨਕੀ ਦੇਵੀ (65) ਨਾਲ ਮੋਟਰਸਾਈਕਲ ’ਤੇ ਕੈਂਟ ਫਿਰੋਜ਼ਪੁਰ ਜਾ ਰਿਹਾ ਸੀ ਤਾਂ ਕੁਝ ਦਿਨ ਪਹਿਲਾਂ ਹੋਏ ਝਗਡ਼ੇ ਨੂੰ ਲੈ ਕੇ ਅਮਨ ਤੇ ਕਿਰਨਦੀਪ ਨੇ ਆਪਣੇ 5-6 ਅਣਪਛਾਤੇ ਸਾਥੀਆਂ ਸਮੇਤ ਫਿਰੋਜ਼ਪੁਰ ਕੈਂਟ ਦੀ ਨਵੀਂ ਸਬਜ਼ੀ ਮੰਡੀ ਕੋਲ ਉਸ ਦੀ ਤੇ ਉਸ ਦੀ ਨਾਨੀ ਜਾਨਕੀ ਦੇਵੀ ਦੀ ਕੁੱਟ-ਮਾਰ ਕੀਤੀ ਤੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰ ਕੇ ਫਰਾਰ ਹੋ ਗਏ। ਉਸ ਅਨੁਸਾਰ ਉਸ ਦੀ ਨਾਨੀ ਨੂੰ ਇਲਾਜ ਲਈ ਮਿਸ਼ਨ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ ਸੀ, ਜਿਥੋਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।