ਨੰਬਰਦਾਰ ਯੂਨੀਅਨ ਚੀਮਾ ਨੇ ਖੇਤੀ ਸਬੰਧੀ ਬਣਾਏ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦੀ ਹਮਾਇਤ ਦਾ ਕੀਤਾ ਐਲਾਨ

10/10/2020 4:15:11 PM

ਚੀਮਾ ਮੰਡੀ(ਗੋਇਲ)-ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਚੀਮਾ ਨਾਲ ਜੁੜੇ ਪਿੰਡਾਂ ਦੇ ਨੰਬਰਦਾਰਾਂ ਦੀ ਮੀਟਿੰਗ ਇਕਾਈ ਪ੍ਰਧਾਨ ਨੰਬਰਦਾਰ ਰਾਜਵਿੰਦਰ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸਭ ਤੋਂ ਪਹਿਲਾਂ ਨੰਬਰਦਾਰਾਂ ਨੂੰ ਆ ਰਹੀਆਂ ਮੁਸਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਦਰਸ਼ਨ ਸਿੰਘ ਮੰਡਾਲੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ 'ਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨ ਦਾ ਵਿਰੋਧ ਕਰਦੇ ਹੋਏ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਹਮਾਇਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਨੰਬਰਦਾਰਾਂ ਦੇ ਵਧਾਏ ਗਏ ਮਾਣ ਭੱਤੇ ਨੂੰ ਵੀ ਤੁਰੰਤ ਲਾਗੂ ਕਰਨ ਲਈ ਕਿਹਾ।

ਇਸ ਮੌਕੇ ਹਾਜ਼ਰ ਸਮੂਹ ਨੰਬਰਦਾਰਾਂ ਨੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੀਆਂ ਕਿਹਾ ਕਿ ਸਬ ਤਹਿਸੀਲ ਚੀਮਾ ਦੇ ਦਫ਼ਤਰ 'ਚ ਫਰਦ ਕੇਂਦਰ ਨਾ ਹੋਣ ਕਾਰਨ ਪਬਲਿਕ ਨੂੰ ਲੰਮੇ ਸਮੇਂ ਤੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇਥੇ ਤੁਰੰਤ ਫ਼ਰਦ ਕੇਂਦਰ ਚਾਲੂ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਸਬ ਤਹਿਸੀਲ ਚੀਮਾ ਦੀ ਆਪਣੀ ਪੱਕੀ ਬਿਲਡਿੰਗ ਬਣਾਉਣ ਦੀ ਵੀ ਸਰਕਾਰ ਤੋਂ ਮੰਗ ਕੀਤੀ ਕਿਉਂਕਿ ਲੰਮੇ ਸਮੇਂ ਸਬ ਤਹਿਸੀਲ ਦਾ ਦਫ਼ਤਰ ਮਾਰਕੀਟ ਕਮੇਟੀ ਚੀਮਾ ਦੇ ਦਫ਼ਤਰ 'ਚ ਚੱਲ ਰਿਹਾ ਹੈ ਜਿਸ ਕਾਰਨ ਹਾੜੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਮੀਤ ਪ੍ਰਧਾਨ ਗੁਰਤੇਜ ਸਿੰਘ ਸਤੌਜ, ਜਗਰੂਪ ਸਿੰਘ ਚੀਮਾ, ਗੁਰਲਾਲ ਸਿੰਘ ਬੀਰ ਕਲਾਂ, ਗੁਰਪਾਲ ਸਿੰਘ, ਬਲਦੇਵ ਸਿੰਘ, ਜਸਵਿੰਦਰ ਕੌਰ ਤੋਲਾਵਾਲ, ਰਜਿੰਦਰ ਸਿੰਘ ਸ਼ੇਰੋਂ, ਜਰਨੈਲ ਸਿੰਘ ਸ਼ਾਹਪੁਰ ਕਲਾਂ ਖਜਾਨਚੀ, ਦਰਸ਼ਨ ਸਿੰਘ, ਬਲਵੰਤ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।


Aarti dhillon

Content Editor

Related News