ਨੈਰੋਬੀ ਕਾਨਫਰੰਸ ''ਚ ਮੋਦੀ ਸਰਕਾਰ ਕਿਸਾਨਾਂ ਦਾ ਕੇਸ ਹਾਰੀ : ਰਾਜੇਵਾਲ

01/03/2016 12:13:13 PM

ਚੰਡੀਗੜ੍ਹ— 2 ਜਨਵਰੀ ਨੂੰ ਚੰਡੀਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਦੀ ਇਕ ਮੀਟਿੰਗ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਦਿ ਡਬਲਿਊ. ਟੀ. ਓ. ਬਾਰੇ ਨੈਰੋਬੀ (ਅਫਰੀਕਾ) ਕਾਨਫਰੰਸ ''ਚ ਹੋਏ ਫੈਸਲਿਆਂ ''ਤੇ ਚਰਚਾ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਓਂਕਾਰ ਸਿੰਘ ਅਗੌਲ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਪਹਿਲਾਂ ਹੀ ਆਰਥਿਕ ਪੱਖੋਂ ਲੱਕ ਟੁੱਟ ਚੁੱਕਾ ਹੈ। ਦੂਜੇ ਪਾਸੇ ਨੈਰੋਬੀ ਕਾਨਫਰੰਸ ਵਿਚ ਮੋਦੀ ਸਰਕਾਰ ਕਿਸਾਨਾਂ ਦਾ ਕੇਸ ਹਾਰ ਕੇ ਆ ਗਈ ਹੈ। ਉਨ੍ਹਾਂ ਕਿਹਾ ਕਿ ਵਿਕਸਿਤ ਦੇਸ਼ਾਂ ਨੇ ਜਿਨ੍ਹਾਂ ਦੀ ਅਗਵਾਈ ਅਮਰੀਕਾ ਕਰਦਾ ਹੈ, ਵਿਕਾਸਸ਼ੀਲ ਦੇਸ਼ਾਂ ਭਾਰਤ, ਚੀਨ, ਪਾਕਿਸਤਾਨ ਆਦਿ ਦਾ ਦੋਹਾ ਡਿਵੈੱਲਪਮੈਂਟ ਏਜੰਡਾ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। 
ਇਹੋ ਨਹੀਂ, ਇਨ੍ਹਾਂ ਦੇਸ਼ਾਂ ਨੇ ਭਾਰਤ ਵਰਗੇ ਗਰੀਬ ਦੇਸ਼ਾਂ ਵਲੋਂ ਬਾਲੀ ਕਾਨਫਰੰਸ ਸਮੇਂ ਪੇਸ਼ ਕੀਤੇ ਸਪੈਸ਼ਲ ਰੱਖਿਆ ਦੇ ਪ੍ਰਸਤਾਵ ਵੀ ਰੱਦ ਕਰ ਦਿੱਤੇ ਹਨ। ਨੈਰੋਬੀ ਕਾਨਫਰੰਸ ਵਿਚ ਹੋਏ ਫੈਸਲਿਆਂ ਅਨੁਸਾਰ ਹੁਣ ਕਿਸਾਨਾਂ ਦੇ ਜਿਣਸਾਂ ਦੇ ਭਾਅ ਮਿੱਥਣੇ ਅਤੇ ਉਨ੍ਹਾਂ ਦੀ ਖਰੀਦ ਬੰਦ ਹੋ ਜਾਵੇਗੀ, ਹਰ ਤਰ੍ਹਾਂ ਦੀਆਂ ਸਬਸਿਡੀਆਂ ਸਮੇਤ ਗਰੀਬਾਂ ਲਈ ਆਟਾ-ਦਾਲ ਸਕੀਮ ਬੰਦ ਕਰਨੀ ਪੈ ਜਾਵੇਗੀ। ਅਜਿਹੀ ਸਥਿਤੀ ਵਿਚ ਭਾਰਤ ਵਰਗੇ ਦੇਸ਼ ''ਚ ਕਿਸਾਨਾਂ ਅਤੇ ਗਰੀਬ ਲੋਕਾਂ ਦਾ ਜੀਵਨ ਨਿਰਬਾਹ ਬੇਹੱਦ ਮੁਸ਼ਕਿਲਾਂ ਭਰਿਆ ਹੋ ਜਾਵੇਗਾ। 
ਇਹ ਵੀ ਫੈਸਲਾ ਕੀਤਾ ਗਿਆ ਕਿ ਇਕ ਵੱਡੀ ਲੋਕ ਲਹਿਰ ਖੜ੍ਹੀ ਕਰਨ ਲਈ ਇਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ। ਇਸ ਉਦੇਸ਼ ਲਈ ਮਾਘੀ ਮੇਲੇ ''ਤੇ ਜਦੋਂ ਸਾਰੀਆਂ ਰਾਜਸੀਆਂ ਪਾਰਟੀਆਂ ਲੋਕਾਂ ਨੂੰ ਮੂਰਖ ਬਣਾਉਣ ਲਈ ਮੁਕਤਸਰ ਸਾਹਿਬ ਵਿਖੇ ਵੱਡੇ ਇਕੱਠ ਕਰ ਰਹੀਆਂ ਹਨ, ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਵਲੋਂ ਵੀ ਇਕ ਜਾਗਰੂਕਤਾ ਕਾਨਫਰੰਸ ਕੀਤੀ ਜਾਵੇਗੀ ਅਤੇ ਲੋਕਾਂ ਵਿਚ ਲਿਟਰੇਚਰ ਵੰਡਿਆ ਜਾਵੇਗਾ। ਇਸੇ ਸੰਬੰਧ ਵਿਚ ਜੈਪੁਰ (ਰਾਜਸਥਾਨ) ਵਿਖੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦੀ ਤੀਜੀ ਕੌਮੀ ਕਨਵੈਨਸ਼ਨ ਹੋ ਰਹੀ ਹੈ, ਜਿਸ ਵਿਚ ਵੀ ਰਾਜੇਵਾਲ ਦੀ ਅਗਵਾਈ ''ਚ ਪੰਜਾਬ ਸੂਬੇ ਵਲੋਂ ਇਕ ਡੈਲੀਗੇਸ਼ਨ ਭੇਜਿਆ ਜਾਵੇਗਾ ਤਾਂ ਜੋ ਇਸ ਪਾਸੇ ਦੇਸ਼ਵਿਆਪੀ ਅੰਦੋਲਨ ਦੀ ਰੂਪ-ਰੇਖਾ ਤਿਆਰ ਕੀਤੀ ਜਾ ਸਕੇ। ਕਿਸਾਨਾਂ ਤੋਂ ਨਵੇਂ ਟਿਊਬਵੈੱਲ ਕੁਨੈਕਸ਼ਨ ਦੇ ਖਰਚੇ ਵਸੂਲਣ ਦਾ ਵੀ ਵਿਰੋਧ ਕੀਤਾ ਗਿਆ। ਕੱਲ੍ਹ ਦੀ ਮੀਟਿੰਗ ''ਚ ਹੋਰਨਾਂ ਤੋਂ ਇਲਾਵਾ ਨੇਕ ਸਿੰਘ ਖੋਖ ਸੀਨੀਅਰ ਮੀਤ ਪ੍ਰਧਾਨ, ਗੁਲਜ਼ਾਰ ਸਿੰਘ ਖਜ਼ਾਨਚੀ, ਨਿਰੰਜਣ ਸਿੰਘ ਦੋਹਲਾ, ਮਨਮੋਹਣ ਸਿੰਘ ਅਤੇ ਮਲਕੀਤ ਸਿੰਘ ਲਖਮੀਰਵਾਲਾ ਤਿੰਨੋਂ ਸਕੱਤਰ, ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ ਤੇ ਸਾਰੇ ਜ਼ਿਲਿਆਂ ਦੇ ਪ੍ਰਧਾਨ ਅਤੇ ਅਹੁਦੇਦਾਰ ਵੀ ਸ਼ਾਮਲ ਹੋਏ।