ਨਗਰ ਸੁਧਾਰ ਟਰੱਸਟ ਸੰਗਰੂਰ ਅੰਦਰ ਹੋ ਰਹੀ ਹੈ ਲੱਖਾਂ ਰੁਪਏ ਦੀ ਘਪਲੇਬਾਜ਼ੀ : ਨਰਿੰਦਰ ਕੌਰ ਭਰਾਜ

12/01/2021 5:09:57 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਆਮ ਆਦਮੀ ਪਾਰਟੀ ਵੱਲੋਂ ਨਗਰ ਸੁਧਾਰ ਟਰੱਸਟ ਸੰਗਰੂਰ ਵਿੱਚ ਹੋ ਰਹੀ ਘਪਲੇਬਾਜ਼ੀ ਦਾ ਮੁੱਦਾ ਉਠਾਉਂਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਹਲਕੇ ਦੇ ਨਗਰ ਸੁਧਾਰ ਟਰੱਸਟ ਸੰਗਰੂਰ ਵਿੱਚ ਇਕ ਵੱਡੀ ਮਿਲੀ ਭੁਗਤ ਸਾਹਮਣੇ ਆਉਣ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਸੰਗਰੂਰ ਵਿਖੇ ਪ੍ਰੈਸ ਕੰਨਫਰੰਸ ਨਵੰਬਰ ਸੰਬੋਧਨ ਕਰਦਿਆ ‘ਆਪ’ ਯੂਥ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਬੁਲਾਰੇ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਅਰੋੜਾ ਸੇਵਾ ਸਦਨ ਟਰੱਸਟ ਦੀ ਰਜਿਸਟਰੀ ਮਿਤੀ 16-11-2021 ਨੂੰ ਹੁੰਦੀ ਹੈ ਪਰ ਜੋ ਮਤਾ ਹੈ, ਉਹ ਮਿਤੀ 3-11-2021 ਨੂੰ ਪਾ ਕੇ 49.29 ਲੱਖ ਰੁਪਏ ਜਾਰੀ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਦੁਬਾਰਾ 36.31 ਲੱਖ ਰੁਪਏ ਮਿਤੀ 18-11-2021 ਨੂੰ ਜਾਰੀ ਕੀਤੇ ਜਾਂਦੇ ਹਨ, ਜੋ ਵੱਡੀ ਮਿਲੀਭੁਗਤ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ : ਦੋਸਤ ਦਾ ਜਨਮ ਦਿਨ ਮਨਾਉਣ ਅੰਮ੍ਰਿਤਸਰ ਗਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆਂ (ਵੀਡੀਓ)

ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਨਿਯਮਾਂ ਮੁਤਾਬਕ ਕਿਸੇ ਵੀ ਸੰਸਥਾ ਨੂੰ ਸਰਕਾਰੀ ਫੰਡ ਜਾਰੀ ਕਰਨ ਸਮੇਂ ਉਸ ਸੰਸਥਾ ਦੇ ਰਜਿਸਟਰਡ ਹੋਏ ਨੂੰ ਘੱਟੋ ਘੱਟ ਤਿੰਨ ਸਾਲ ਦਾ ਸਮਾਂ ਹੋਣਾ ਜ਼ਰੂਰੀ ਹੈ, ਜਦਕਿ ਇਸ ਸੰਸਥਾ ਨੂੰ ਬਣਿਆ ਹੋਏ ਤਿੰਨ ਸਾਲ ਪੂਰੇ ਨਹੀ ਹੋਏ ਹਨ। ਇਸ ਕਾਰਨ ਇਸ ਸੰਸਥਾ ਨੂੰ ਫੰਡ ਜਾਰੀ ਹੋ ਹੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਗਰ ਸੁਧਾਰ ਟਰੱਸਟ ਦੇ ਟਰੱਸਟੀਆ ਵੱਲੋਂ ਕਰੋੜਾਂ ਰੁਪਿਆ ਦੀ ਜਾਂਚ ਦੀ ਮੰਗ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਦੀ ਗਿਣਤੀ ਅਤੇ ਉਨ੍ਹਾ ਦੇ ਬੈਂਕ ਖਾਤਿਆਂ ਦਾ ਬਿਊਰਾਂ ਨਾ ਦਰਜ ਹੋਣ ਦੇ ਬਾਵਜੂਦ ਤਨਖ਼ਾਹਾਂ ਜਾਰੀ ਹੋਣੀਆ ਵੀ ਇੱਕ ਸਵਾਲੀਆ ਚਿੰਨ੍ਹ ਖੜੇ ਹੁੰਦੇ ਹਨ।

ਨਰਿੰਦਰ ਕੌਰ ਭਰਾਜ ਅਤੇ ਆਪ ਆਗੂਆਂ ਵੱਲੋ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਲੋਕਾਂ ਦੇ ਪੈਸੇ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ ਅਤੇ ਦੋਸ਼ੀਆਂ ’ਤੇ ਸ਼ਖਤ ਕਾਰਵਾਈ ਹੋਵੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਸਰਕਾਰ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪਾਰਦਸ਼ਤਾ ਸਰਕਾਰ ਚਲਾਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਇੱਕ ਕੈਬਨਿਟ ਮੰਤਰੀ ਦੇ ਸ਼ਹਿਰ ਅੰਦਰ ਅਜਿਹੇ ਮਾਮਲੇ ਸਾਹਮਣੇ ਆਉਣਾ ਸਰਕਾਰ ’ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹਨ। ਨਰਿੰਦਰ ਕੌਰ ਭਰਾਜ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। 

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਵੀ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਜਾਵੇਗਾ। ਇਸ ਮੌਕੇ ਆਪ ਆਗੂ ਨਿਰਮਲ ਸਿੰਘ, ਅਮਰੀਕ ਸਿੰਘ, ਕਰਮਜੀਤ ਨਾਗੀ, ਹਰਪ੍ਰੀਤ ਚਹਿਲ, ਨਰਿੰਦਰ ਨਾਗੀ, ਗੁਰਪ੍ਰੀਤ ਰਾਜਾ, ਹੰਸਰਾਜ ਸਿੰਘ ਆਦਿ ਹਾਜ਼ਰ ਸਨ। ਇਸ ਸਾਰੇ ਮਾਮਲੇ ਸਬੰਧੀ ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ਼ ਗਾਬਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਾਰ ਵਾਰ ਫੋਨ ਕਰਨ ’ਤੇ ਵੀ ਫੋਨ ਨਹੀਂ ਚੁੱਕਿਆ। 

rajwinder kaur

This news is Content Editor rajwinder kaur