ਨਾਭਾ ਜੇਲ ਤੋੜਨ ਵਾਲਾ ਬਦਮਾਸ਼ 20 ਮਹੀਨਿਆਂ ਤੋਂ ਗ੍ਰਿਫਤਾਰ ਪਰ ਨਹੀਂ ਲਿਆਂਦਾ ਜਾ ਸਕਿਆ ਪੰਜਾਬ

10/22/2019 1:12:31 PM

ਨਾਭਾ (ਜੈਨ)—ਇਥੇ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ 'ਚ 27 ਨਵੰਬਰ 2016 ਨੂੰ ਦਿਨ-ਦਿਹਾੜੇ ਫਿਲਮੀ ਸਟਾਈਲ 'ਚ ਅੰਨ੍ਹੇਵਾਹ ਫਾਇਰਿੰਗ ਕਰ ਕੇ ਪੁਲਸ ਵਰਦੀ ਵਾਲੇ ਹਮਲਾਵਰਾਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ-ਇਨ-ਚੀਫ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰਾ ਸਿੰਘ ਗਲਵੱਢੀ, ਖਤਰਨਾਕ  ਬਦਮਾਸ਼ ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ (ਨੀਟਾ ਦਿਓਲ), ਅਮਨਦੀਪ ਢੋਂਡੀਆ ਨੂੰ ਜੇਲ 'ਚੋਂ ਅਜ਼ਾਦ ਕਰਵਾਇਆ ਸੀ।

ਮਿੰਟੂ ਜੇਲ ਬ੍ਰੇਕ ਦੇ 24 ਘੰਟਿਆਂ 'ਚ ਹੀ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੀ ਬਾਅਦ 'ਚ ਪਟਿਆਲਾ ਸੈਂਟਰ ਜੇਲ ਵਿਚ ਮੌਤ ਹੋ ਗਈ। ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਪੁਲਸ ਮੁਕਾਬਲੇ 'ਚ ਮਾਰੇ ਗਏ ਸਨ। ਇਕ ਮੁਲਜ਼ਮ ਬਦਮਾਸ਼  ਗੋਪੀ ਘਣਸ਼ਿਆਮਪੁਰੀਆ ਬ੍ਰੇਕ ਕਾਂਡ ਤੋਂ ਬਾਅਦ ਪੁਲਸ ਦੇ ਕਾਬੂ ਨਹੀਂ ਆ ਸਕਿਆ। ਉਸ ਦੀ ਕੁੱਝ ਸਮਾਂ ਪਹਿਲਾਂ ਯੂ. ਪੀ. 'ਚ ਮੌਤ ਹੋ ਗਈ ਦੱਸੀ ਜਾਂਦੀ ਹੈ। ਜੇਲ ਬ੍ਰੇਕ ਕਾਂਡ ਦੀ ਜਾਂਚ ਕਰ ਰਹੇ ਸੀਨੀਅਰ ਪੁਲਸ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਗੋਪੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਮੌਤ ਦੀ ਪੁਸ਼ਟੀ ਕੀਤੀ ਹੈ।

ਨਾਭਾ ਜੇਲ ਬ੍ਰੇਕ ਅਤੇ ਹਿੰਦੂ ਟਾਰਗੈੱਟ ਕਿਲਿੰਗਜ਼ ਮਾਮਲਿਆਂ 'ਚ ਕਥਿਤ ਸਾਜ਼ਿਸ਼ ਰਚਣ ਵਾਲੇ ਮੁੱਖ ਮੁਲਜ਼ਮ ਖਤਰਨਾਕ  ਬਦਮਾਸ਼ ਰਮਨਜੀਤ ਸਿੰਘ ਉਰਫ ਰੋਮੀ ਨੂੰ 17 ਫਰਵਰੀ 2018 ਨੂੰ ਹਾਂਗਕਾਂਗ 'ਚ ਪੁਲਸ ਨੇ ਇਕ ਡਕੈਤੀ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਉਸ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਸ ਵੱਲੋਂ ਪਿਛਲੇ 20 ਮਹੀਨਿਆਂ ਤੋਂ ਯਤਨ ਕੀਤੇ ਜਾ ਰਹੇ ਹਨ। ਵਰਨਣਯੋਗ ਹੈ ਕਿ ਰੋਮੀ ਨਾਭਾ ਜੇਲ 'ਚੋਂ ਜ਼ਮਾਨਤ 'ਤੇ ਰਿਹਾਈ ਤੋਂ ਬਾਅਦ ਹਾਂਗਕਾਂਗ ਭੱਜ ਗਿਆ ਸੀ। ਉਸ ਖਿਲਾਫ ਨਾਭਾ ਕੋਤਵਾਲੀ 'ਚ ਵੱਖ-ਵੱਖ ਧਾਰਾਵਾਂ ਸਮੇਤ ਐੱਫ. ਆਈ. ਆਰ. ਨੰਬਰ 142 ਦਰਜ ਹੋਈ ਸੀ। ਇਸ ਤੋਂ ਪਹਿਲਾਂ ਰੋਮੀ ਖਿਲਾਫ ਕੋਤਵਾਲੀ 'ਚ 3 ਜੂਨ 2016 ਨੂੰ ਵੱਖ-ਵੱਖ 8 ਧਾਰਾਵਾਂ ਹੇਠ ਮਾਮਲਾ ਦਰਜ ਹੋਇਆ ਸੀ। ਉਸ 'ਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਰੋਮੀ ਨੇ ਹੀ ਪਾਕਿਸਤਾਨੀ ਅੱਤਵਾਦੀਆਂ ਅਤੇ ਬਦਮਾਸ਼ਾਂ ਵਿਚਕਾਰ ਸੰਪਰਕ ਕਾਇਮ ਕਰਵਾਇਆ ਸੀ। ਹਾਂਗਕਾਂਗ 'ਚ ਬੈਠ ਕੇ ਰੋਮੀ ਨੇ ਹੀ ਵਿੱਕੀ ਗੌਂਡਰ ਅਤੇ ਹੋਰਨਾਂ ਨੂੰ ਜੇਲ 'ਚੋਂ ਅਜ਼ਾਦ ਕਰਵਾਉਣ ਦੀ ਸਾਜ਼ਿਸ਼ ਰਚੀ ਸੀ। ਟਾਰਗੈੱਟ ਕਿਲਿੰਗਜ਼ 'ਚ ਰੋਮੀ ਨੇ ਹੀ ਧਰਮਿੰਦਰ ਗੁਗਨਾਨੀ ਦੀ ਮਾਰਫਤ ਰਮਨਦੀਪ ਅਤੇ ਹੋਰਨਾਂ ਸ਼ੂਟਰਾਂ ਤੱਕ ਹਥਿਆਰ ਭੇਜੇ ਸਨ। ਧਰਮਿੰਦਰ ਤੇ ਵਿੱਕੀ ਵਿਚਕਾਰ 36 ਦਾ ਅੰਕੜਾ ਸੀ ਪਰ ਰੋਮੀ ਨੇ ਦੋਵਾਂ ਦੀ ਰੰਜਿਸ਼ ਖਤਮ ਕਰਵਾ ਕੇ ਟਾਰਗੈੱਟ ਕਿਲਿੰਗ ਮਾਮਲਿਆਂ 'ਚ ਪੰਜਾਬ ਦੇ 7 ਹਿੰਦੂ ਆਗੂਆਂ ਦਾ ਕਤਲ ਕਰਵਾਇਆ। ਰੋਮੀ ਦਾ ਜਗਤਾਰ ਸਿੰਘ ਜੱਗੀ (ਯੂ. ਕੇ.) ਨਾਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹਰਮੀਤ (ਪਾਕਿਸਤਾਨੀ) ਉਰਫ ਪੀਐੱਚ. ਡੀ. ਦੀ ਮਾਰਫਤ ਸੰਪਰਕ ਬਣਿਆ ਸੀ।
ਜੇਲ ਬ੍ਰੇਕ ਕਾਂਡ ਦੀ ਜਾਂਚ ਟੀਮ ਦੇ ਸੀਨੀਅਰ ਮੈਂਬਰ ਅਤੇ ਆਈ. ਪੀ. ਐੱਸ. ਅਧਿਕਾਰੀ ਗੁਰਮੀਤ ਸਿੰਘ ਚੌਹਾਨ ਅਨੁਸਾਰ 30 ਮੁਲਜ਼ਮਾਂ ਦੇ ਚਲਾਨ ਪੇਸ਼ ਹੋ ਚੁੱਕੇ ਹਨ। ਮਾਣਯੋਗ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਰੋਜ਼ਾਨਾ ਸੁਣਵਾਈ ਕਰ ਕੇ ਫੈਸਲਾ ਸੁਣਾਇਆ ਜਾਵੇ। ਰੋਮੀ ਹਾਂਗਕਾਂਗ ਬਾਰੇ ਉਨ੍ਹਾਂ ਦੱਸਿਆ ਕਿ ਹਾਂਗਕਾਂਗ ਦੀ ਅਦਾਲਤ 'ਚ ਭਾਰਤ ਸਰਕਾਰ ਵੱਲੋਂ ਜੋ ਅਪੀਲ ਕੀਤੀ ਗਈ ਸੀ ਕਿ ਰੋਮੀ ਨੂੰ ਭਾਰਤ ਭੇਜਿਆ ਜਾਵੇ, ਸਬੰਧੀ ਹਾਂਗਕਾਂਗ ਦੀ ਅਦਾਲਤ 19 ਨਵੰਬਰ ਨੂੰ ਫੈਸਲਾ ਸੁਣਾਏਗੀ।

ਦੂਜੇ ਪਾਸੇ ਜੇਲ ਦਾ ਕਰੋੜਾਂ ਰੁਪਏ ਦਾ ਲੱਗਾ ਜੈਮਰ 'ਚਿੱਟਾ ਹਾਥੀ' ਬਣਿਆ ਹੋਇਆ ਹੈ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਕਿ ਜੇਲ 'ਚ ਬੈਠੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਵਿਦੇਸ਼ੀ ਤਾਕਤਾਂ ਨਾਲ ਕਿਵੇਂ ਸੰਪਰਕ ਕਾਇਮ ਹੋਏ? ਜੇਲ ਦੇ ਸੀ. ਸੀ. ਟੀ. ਵੀ. ਕੈਮਰਿਆਂ, ਸੈਂਟਰਲ ਵਾਚ ਟਾਵਰ ਅਤੇ ਜੈਮਰ ਦਾ ਲਾਭ ਕਿਉਂ ਨਹੀਂ ਹੋਇਆ? ਖੁਫੀਆ ਏਜੰਸੀਆਂ ਕਿਉਂ ਕੁੰਭਕਰਨ ਦੀ ਨੀਂਦ ਸੁੱਤੀਆਂ ਰਹੀਆਂ? ਮਿੰਟੂ ਗੁਗਨਾਨੀ, ਸ਼ੇਰਾ ਅਤੇ ਰੋਮੀ ਦੇ ਸਬੰਧਾਂ ਕਾਰਣ ਨਾਭਾ ਜੇਲ ਵਿਸ਼ਵ ਭਰ 'ਚ ਬਦਨਾਮ ਹੋਈ ਅਤੇ ਜੇਲ ਵਿਭਾਗ ਦੀ ਕਿਰਕਿਰੀ ਹੋਈ। ਸਮਝਿਆ ਜਾਂਦਾ ਹੈ ਕਿ 35 ਮਹੀਨੇ ਪਹਿਲਾਂ ਜੇਲ 'ਚੋਂ ਫਰਾਰ ਅੱਤਵਾਦੀ ਕਸ਼ਮੀਰਾ ਸਿੰਘ ਵਿਦੇਸ਼ ਚਲਾ ਗਿਆ ਹੈ ਜੋ ਅਜੇ ਤੱਕ ਪੁਲਸ ਦੀ ਪਕੜ 'ਚ ਨਹੀਂ ਆ ਸਕਿਆ। ਜੇਲ ਬ੍ਰੇਕ ਕਾਂਡ 'ਚ ਇਸੇ ਜੇਲ ਦਾ ਇਕ ਸਹਾਇਕ ਸੁਪਰਡੈਂਟ ਅਤੇ ਵਾਰਡਨ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜੋ ਹੁਣ ਤੱਕ ਸਲਾਖਾਂ ਪਿੱਛੇ ਹੈ। 2 ਦੋਸ਼ੀ ਹੈਰੀ ਚੱਠਾ ਅਤੇ ਸੁਖਮੀਤ ਸਿੰਘ ਅਜੇ ਵੀ ਫਰਾਰ ਹਨ, ਜਿਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ।

Shyna

This news is Content Editor Shyna